ਚੌਂਕੀਮਾਨ, 26 ਫਰਵਰੀ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਰਹਿਨੁਮਾਈ ਹੇਠ ਇਲਾਕੇ ਦੀ ਨਾਮਵਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਐਜੂਕੇਸ਼ਨ ਵਿਭਾਗ ਦੀਆਂ ਵਿਦਿਆਰਥਣਾਂ ਦਾ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਤੀਸਰੇ ਦਿਨ ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼ ਜਵੱਦੀ ਟਕਸਾਲ (ਲੁਧਿਆਣਾ) ਵਿਖੇ ਵਿੱਦਿਅਕ ਦੌਰਾ ਕਰਵਾਇਆ ਗਿਆ | ਇਹ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫ਼ਰੰਸ 'ਸਾਹਿਬ-ਏ-ਕਮਾਲ' ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ 'ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀਵਨ, ਬਾਣੀ ਅਤੇ ਵਿਰਾਸਤ' ਵਿਸ਼ੇ ਉੱਪਰ ਅਧਾਰਿਤ ਸੀ | ਇਸ ਕਾਨਫ਼ਰੰਸ ਵਿਚ ਸੰਤ ਬਾਬਾ ਅਮੀਰ ਸਿੰਘ ਜਵੱਦੀ ਟਕਸਾਲ ਦੇ ਮੁਖੀ, ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲੇ ਵਾਲੇ, ਡਾ. ਅਨਮੋਲ ਰਤਨਦੀਪ ਸਿੱਧੂ, ਡਾ. ਰੌਣਕੀ ਰਾਮ, ਡਾ. ਅੰਜੂ ਸੂਰੀ ਅਤੇ ਡਾ. ਹਰਜੋਤ ਸਿੰਘ (ਕਨਵੀਨਰ) ਆਦਿ ਵਿਦਵਾਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਬਾਣੀ ਅਤੇ ਫਲਸਫੇ ਬਾਰੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ | ਇਸ ਕਾਨਫ਼ਰੰਸ ਵਿਚ ਗਿਆਨ ਭਰਪੂਰ ਵਿਚਾਰ-ਵਟਾਂਦਰਾ, ਰੂਹ ਨੂੰ ਛੋਹਣ ਵਾਲਾ ਕੀਰਤਨ, ਗੁਰਬਾਣੀ ਅਤੇ ਪੰਜਾਬੀ ਵਿਰਾਸਤ 'ਤੇ ਕੇਂਦਰਿਤ ਸੀ | ਇਸ ਮੌਕੇ ਵਿਦਿਆਰਥਣਾਂ ਵਿਚ ਪੜ੍ਹਨ ਦੀਆਂ ਆਦਤਾਂ ਪੈਦਾ ਕਰਨ ਲਈ ਸਿੱਖ ਧਰਮ ਅਤੇ ਗੁਰਬਾਣੀ ਨਾਲ ਸੰਬੰਧਿਤ ਕਿਤਾਬਾਂ ਵੀ ਵੰਡੀਆਂ ਗਈਆਂ | ਇਹ ਵਿੱਦਿਅਕ ਦੌਰਾ ਬਹੁਤ ਹੀ ਗਿਆਨ ਤੇ ਪ੍ਰੇਰਨਾਦਾਇਕ ਸਾਬਿਤ ਹੋਇਆ | ਇਸ ਕਾਨਫ਼ਰੰਸ ਵਿਚ 40 ਵਿਦਿਆਰਥਣਾਂ ਦੇ ਨਾਲ ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ, ਵਾਈਸ ਪਿ੍ੰਸੀਪਲ ਡਾ. ਨਵਦੀਪ ਕੌਰ, ਡਾ. ਇੰਦਰਜੀਤ ਕੌਰ, ਡਾ. ਪਰਮਜੀਤ ਕੌਰ, ਡਾ. ਗੌਰਵ ਸ਼ਰਮਾ ਅਤੇ ਪ੍ਰੋ. ਭਗਵੰਤ ਕੌਰ ਨੇ ਵੀ ਸ਼ਮੂਲੀਅਤ ਕੀਤੀ | ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਵਿਦਿਆਰਥਣਾਂ ਨੂੰ ਧਰਮ ਅਤੇ ਗੁਰਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤਾ |