ਮੁੱਲਾਂਪੁਰ-ਦਾਖਾ, 10 ਮਾਰਚ (ਨਿਰਮਲ ਸਿੰਘ ਧਾਲੀਵਾਲ)-ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਟਾਵਰ ਮੋਰਚਾ ਸਮਾਣਾ ਵਿਖੇ ਕਰੀਬ ਇਕ ਵਰ੍ਹੇ ਤੋਂ ਸੰਘਰਸ਼ ਕਰ ਰਹੇ ਭਾਈ ਗੁਰਜੀਤ ਸਿੰਘ ਖ਼ਾਲਸਾ ਦੇ ਸਰਬ ਧਰਮ ਇਕੱਠ ਸਮਾਣਾ ਪਹੁੰਚ ਕੇ ਬੇਅਦਬੀ ਲਈ ਸਜਾਵਾਂ ਸਬੰਧੀ ਵਿਧਾਨ ਸਭਾ 'ਚ ਬਿੱਲ 'ਤੇ ਚਰਚਾ ਬਾਰੇ ਸਮਾਣਾ ਮੋਰਚਾ ਪ੍ਰਬੰਧਕਾਂ ਨੂੰ ਇਯਾਲੀ ਨੇ ਵਿਸ਼ਵਾਸ ਦਿੱਤਾ ਸੀ | ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ. ਨੇ ਵਿਧਾਨ ਸਭਾ ਦੇ ਸੈਸ਼ਨ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਿਆਂ ਨੂੰ ਸਜ਼ਾਵਾਂ ਲਈ ਸਖ਼ਤ ਕਾਨੂੰਨ ਬਾਰੇ ਬੋਲ ਕੇ ਭਾਈ ਗੁਰਜੀਤ ਸਿੰਘ ਦੀ ਹਮਾਇਤ ਕਰ ਸਮਾਣਾ ਧਰਨਾਕਾਰੀਆਂ ਦਾ ਮਨ ਜਿੱਤ ਲਿਆ, ਜਦ ਕਿ ਇਸ ਧਰਨੇ 'ਚ ਸੱਤ੍ਹਾਧਾਰੀ ਸਰਕਾਰ ਤੋਂ ਲੈ ਕੇ ਕਈ ਹੋਰ ਵਿਧਾਇਕ ਸ਼ਾਮਿਲ ਹੋਏ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਲਈ ਕਾਨੂੰਨ ਬਾਰੇ ਵਿਧਾਨ ਸਭਾ 'ਚੋਂ ਸੁੱਚੇ ਮੂੰਹ ਵਾਪਿਸ ਆ ਗਏ | ਜ਼ਿਕਰਯੋਗ ਹੈ ਕਿ ਸਜ਼ਾਵਾਂ ਲਈ ਕਾਨੂੰਨ ਬਣਾਏ ਜਾਣ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਕਾਫੀ ਸਮੇਂ ਤੋਂ ਟਾਵਰ 'ਤੇ ਬੈਠਾ ਹੈ | ਬਜਟ ਸੈਸ਼ਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਕਾਨੂੰਨ ਸਬੰਧੀ ਬੋਲਣ 'ਤੇ ਚਰਚਾ 'ਚ ਆਏ ਮਨਪ੍ਰੀਤ ਸਿੰਘ ਇਯਾਲੀ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਜਿਥੇ ਆਦਿ ਗੁਰੂ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਰੱਖਿਅਤ ਨਹੀਂ, ਉਸ ਦੇਸ਼ ਜਾਂ ਰਾਜ ਦੇ ਕਾਨੂੰਨ ਤੋਂ ਹੋਰ ਕੀ ਆਸ ਹੋ ਸਕਦੀ ਹੈ | ਇਯਾਲੀ ਨੇ ਸਪੱਸ਼ਟ ਕੀਤਾ ਕਿ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਲਈ ਮੇਰੀ ਅਵਾਜ਼ ਬੁਲੰਦ ਰਹੇਗੀ |