20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਮਾਨ ਸਰਕਾਰ ਦੇ ਆਖ਼ਰੀ ਵਰ੍ਹੇ 'ਚ ਰੇਤ ਮਾਫੀਆ ਚਿੱਟੇ ਰੇਤੇ ਦਾ ਕਾਲਾ ਕਾਰੋਬਾਰ ਕਰਨ ਲਈ ਪੱਬਾਂ ਭਾਰ ਹੋਇਆ

Ad Position 21
No active advertisement
ਅਜੀਤ ਡੈਸਕ 03-04-2026
ਸਿੱਧਵਾਂ ਬੇਟ, 2 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਦੀ ਅਗਵਾਈ ਹੇਠ ਬਦਲਾਅ ਵਾਲੀ ਸੂਬਾ ਸਰਕਾਰ ਬਣੀ ਸੀ ਤਾਂ ਉਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਦਰਿਆ ਸਤਲੁਜ ਦੀ ਪਿੰਡ ਗੋਰਸੀਆਂ ਖ਼ਾਨ ਮੁਹੰਮਦ ਦੇ ਅਧਿਕਾਰ ਖੇਤਰ ਵਿਚ ਸਰਕਾਰੀ ਖੱਡ ਵਿਚ ਖੁਦ ਬੇਲਚੇ ਦਾ ਟੱਕ ਲਗਾ ਕੇ ਬਹੁਤ ਸਸਤੇ ਰੇਟ 'ਤੇ ਇਹ ਖੱਡ ਸ਼ੁਰੂ ਕਰਨ ਸਮੇਂ ਰੇਤ ਮਾਫੀਏ ਦੇ ਲੋਕਾਂ ਨੂੰ ਵੰਗਾਰਿਆ ਅਤੇ ਲਲਕਾਰਿਆ ਸੀ ਕਿ ਹੁਣ ਸਾਡੇ ਰਾਜ ਵਿਚ ਸਿਰਫ਼ ਬੇਲਚਿਆਂ ਨਾਲ ਹੀ ਟਰਾਲੀਆਂ ਵਿਚ ਰੇਤਾ ਭਰੀ ਜਾਵੇਗੀ ਅਤੇ ਕਿਸੇ ਵੀ ਸਖ਼ਸ ਨੂੰ ਕਿਸੇ ਨਾਜਾਇਜ਼ ਖੱਡ ਵਿਚ ਜੇ.ਸੀ.ਬੀ. ਅਤੇ ਪੋਕਲਾਈਨ ਮਸ਼ੀਨਾਂ ਨਾਲ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਪਰ ਮੁੱਖ ਮੰਤਰੀ ਦੇ ਇਹ ਸਾਰੇ ਦਾਅਵੇ ਉਦੋਂ ਧਰੇ-ਧਰਾਏ ਰਹਿ ਗਏ ਜਦੋਂ ਦਰਿਆ ਸਤਲੁਜ ਵਿਚ ਕਈ ਨਾਜਾਇਜ਼ ਖੱਡਾਂ ਵਿਚ ਚਿੱਟੇ ਰੇਤੇ ਦਾ ਕਾਲਾ ਕਾਰੋਬਾਰ ਸ਼ੁਰੂ ਹੋ ਗਿਆ | ਜਿਸ ਵਿਚ ਹਾਕਮ ਧਿਰ ਦੇ ਕਈ ਲੋਕਾਂ ਦੀ ਸ਼ਮੂਲੀਅਤ ਵੀ ਜੱਗ ਜ਼ਾਹਿਰ ਹੋਣ ਲੱਗ ਪਈ | ਨਾਜਾਇਜ਼ ਖੱਡਾਂ ਨੂੰ ਰੋਕਣ ਲਈ ਕਈ ਕਿਸਾਨ ਹਿਤੈਸੀ ਅਤੇ ਸੋਸ਼ਲ ਸੰਸਥਾਵਾਂ ਨੇ ਵਿਰੋਧ ਕੀਤਾ | ਖੱਡਾਂ ਦੇ ਕੋਲ ਧਰਨੇ ਦਿੱਤੇ | ਜਲੰਧਰ-ਜਗਰਾਉਂ ਮਾਰਗ ਨੂੰ ਵੀ ਕਈ ਵਾਰ ਠੱਪ ਰੱਖਿਆ, ਪਰ ਇਸ ਦੇ ਬਾਵਜੂਦ ਵੀ ਰੇਤ ਮਾਫੀਏ ਨੇ ਜਲੰਧਰ-ਜਗਰਾਉਂ ਮਾਰਗ 'ਤੇ ਬਣੇ ਪੁਲ ਦੇ ਨਜ਼ਦੀਕ ਹੀ ਆਪਣਾ ਕਾਰੋਬਾਰ ਜਾਰੀ ਰੱਖਿਆ | ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਪੁਲਿਸ, ਸਿਵਲ ਅਤੇ ਮਾਈਇੰਗ ਵਿਭਾਗ ਰੇਤ ਮਾਫੀਏ ਦੇ ਲੋਕਾਂ ਨੂੰ ਨੱਥ ਨਾ ਪਾ ਸਕਿਆ | ਹੁਣ ਜਦੋਂ ਮਾਨ ਸਰਕਾਰ ਆਪਣੇ ਸਾਸ਼ਨ ਆਖਰੀ ਵਰ੍ਹੇਂ ਵਿਚ ਦਾਖ਼ਲ ਹੋ ਗਿਆ ਹੈ ਤਾਂ ਹੁਣ ਰੇਤ ਮਾਫੀਆ ਚਿੱਟੇ ਰੇਤੇ ਨੂੰ ਦੋਹੀਂ ਹੱਥੀ ਲੁੱਟਣ ਲਈ ਪੱਬਾਂ ਭਾਰ ਹੋ ਗਿਆ ਹੈ | ਕਈ ਠੇਕੇਦਾਰ ਆਪਣੇ ਹਿਸਾਬ ਨਾਲ ਰੇਤੇ ਦੀਆਂ ਖੱਡਾਂ ਦੀ ਮਨਜ਼ੂਰੀ ਲੈਣ ਦੀ ਗੱਲ ਆਖ ਕੇ ਕਾਰੋਬਾਰ ਵਿਚ ਜੁੱਟ ਗਏ ਹਨ | ਇਸੇ ਕੜੀ ਤਹਿਤ ਹੀ ਜਦੋਂ ਰੇਤ ਕਾਰੋਬਾਰ ਨਾਲ ਜੁੜੇ ਕੁਝ ਲੋਕਾਂ ਨੇ ਦਰਿਆ ਸਤਲੁਜ ਪੁਲ ਦੇ ਚੜ੍ਹਦੇ ਪਾਸੇ ਸਿਰਫ਼ 500 ਗੱਜ਼ ਦੀ ਦੂਰੀ 'ਤੇ ਹੀ ਪਿੰਡ ਖੁਰਸੈਦਪੁਰ ਦੀ ਦਰਿਆ ਤੋਂ ਪਾਰ ਜਲੰਧਰ ਵਾਲੇ ਪਾਸੇ ਪੈਂਦੀ ਜ਼ਮੀਨ ਵਿਚ ਫਰਸੀ ਕੰਡਾ ਲਗਾਉਣ ਦੀ ਸ਼ੁਰੂਆਤ ਕੀਤਾ ਤਾਂ ਕਈ ਸਮਾਜਸੇਵੀ ਸੰਸਥਾਵਾਂ ਨੇ ਤੁਰੰਤ ਮੌਕੇ 'ਤੇ ਪੁੱਜ ਕੇ ਕੰਡੇ ਦੀ ਚੱਲ ਰਹੀ ਉਸਾਰੀ ਨੂੰ ਇਹ ਆਖਕੇ ਬੰਦ ਕਰਵਾ ਦਿੱਤਾ ਕਿ ਪੁਲ ਦੇ ਨਜ਼ਦੀਕ ਕੀਤੀ ਜਾਣ ਵਾਲੀ ਨਾਜਾਇਜ਼ ਮਾਈਨਿੰਗ ਦੇ ਮਾੜੇ ਨਤੀਜੇ ਨਿਕਲ ਸਕਦੇ ਹਨ, ਕਿਉੁਾਕਿ ਇਸ ਜਗ੍ਹਾ ਤੋਂ ਪਹਿਲਾਂ ਹੀ ਦਰਿਆ ਦੇ ਟੁੱਟਣ ਨਾਲ ਜਲੰਧਰ ਅਤੇ ਲੁਧਿਆਣਾ ਜ਼ਿਲਿ੍ਹਆਂ ਦੇ ਲੋਕ ਸੰਤਾਪ ਹੰਡਾ ਚੁੱਕੇ ਹਨ |
ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਖੱਡ ਤੋਂ ਇਲਾਵਾ ਕਈ ਹੋਰ ਖੱਡਾਂ ਚਲਾਉਣ ਲਈ ਰੇਤ ਮਾਫੀਏ ਦੇ ਲੋਕ ਸਰਗਰਮ ਹੋ ਗਏ ਹਨ ਤਾਂ ਜੋ ਆਉਣ ਵਾਲੇ ਮਹੀਨਿਆਂ ਵਿਚ ਰੇਤੇ ਦੀ ਲੁੱਟ ਕੀਤੀ ਜਾ ਸਕੇ | ਇਸੇ ਦੌਰਾਨ ਹੀ ਕਿਸਾਨ ਆਗੂ ਕੇਵਲ ਸਿੰਘ, ਕਿਸਾਨ ਆਗੂ ਬਲਰਾਜ ਸਿੰਘ ਅਤੇ ਮਜ਼ਦੂਰ ਆਗੂ ਬਲਜੀਤ ਸਿੰਘ ਆਦਿ ਨੇ ਮੰਗ ਕੀਤੀ ਕਿ ਮਾਨ ਸਰਕਾਰ ਤੁਰੰਤ ਰੇਤੇ ਦੀ ਲੁੱਟ ਕਰਨ ਲਈ ਸਰਗਰਮ ਹੋਏ ਰੇਤ ਮਾਫੀਏ ਦੇ ਲੋਕਾਂ ਖ਼ਿਲਾਫ਼ ਕਾਰਵਾਈ ਕਰੇ ਤਾਂ ਜੋ ਹੜ੍ਹਾਂ ਦੀ ਸਥਿਤੀ ਮੌਕੇ ਕੌਈ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਜਗਰਾਉਂ 'ਚ ਪੰਜਾਬ ਨੰਬਰਦਾਰਾ ਯੂਨੀਅਨ ਦੇ ਨਵੇਂ ਦਫ਼ਤਰ ਦਾ ਉਦਘਾਟਨ ਅਗਲੀ ਖ਼ਬਰ ਮਾਮਲਾ ਨੰਬਰਦਾਰਾਂ ਨਾਲ ਚੋਣਾਂ ਮੌਕੇ ਕੀਤੇ ਵਾਅਦੇ ਵਫ਼ਾ ਨਾ ਹੋਣ ਦਾ<br> 'ਆਪ' ਸਰਕਾਰ ਦੀਆਂ ਮਨਮਾਨੀਆਂ ਖ਼ਿਲਾਫ਼ ਨੰਬਰਦ...
Ad Position 24