ਸਰਕਾਰੀ ਦਾਅਵੇ ਫੇਲ੍ਹ, ਕਣਕ ਦੀ ਖ਼ਰੀਦ ਸ਼ੁਰੂ ਪਰ ਮੰਡੀਆਂ 'ਚ ਗੰਦਗੀ ਤੇ ਅਣਗਹਿਲੀ ਦਾ ਰਾਜ
ਅਜੀਤ ਡੈਸਕ
03-04-2026
ਭੂੰਦੜੀ, 2 ਅਪ੍ਰੈਲ (ਕੁਲਦੀਪ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ 1 ਅਪ੍ਰੈਲ ਤੋਂ ਅਨਾਜ ਮੰਡੀਆਂ ਅਤੇ ਨਿਰਧਾਰਤ ਖ਼ਰੀਦ ਕੇਂਦਰਾਂ 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੇ ਦਾਅਵੇ ਕੀਤੇ ਗਏ ਸਨ, ਪਰ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਤੋਂ ਬਿਲਕੁਲ ਉਲਟ ਸਾਹਮਣੇ ਆ ਰਹੀ ਹੈ | ਦਾਣਾ ਮੰਡੀ ਭੂੰਦੜੀ, ਦਾਣਾ ਮੰਡੀ ਪੁੜੈਣ ਅਤੇ ਆਲੇ-ਦੁਆਲੇ ਦੀਆਂ ਮੰਡੀਆਂ ਵਿਚ ਅਜੇ ਤੱਕ ਢੰਗ ਦੀ ਸਾਫ਼-ਸਫ਼ਾਈ ਨਹੀਂ ਕੀਤੀ ਗਈ | ਮੰਡੀਆਂ ਵਿਚ ਹਰ ਪਾਸੇ ਫੈਲੀ ਗੰਦਗੀ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਬੇਨਕਾਬ ਕਰ ਰਹੀ ਹੈ | ਇਥੇ ਇਹ ਵੀ ਦੇਖਿਆ ਗਿਆ ਕਿ ਮੰਡੀਆਂ 'ਚ ਪਸ਼ੂਆਂ ਦਾ ਗੋਹਾ, ਲੋਕਾਂ ਵਲੋਂ ਮੰਡੀਆਂ 'ਚ ਪੱਥੀਆਂ ਪਾਥੀਆਂ ਆਮ ਦੇਖੀਆਂ ਗਈਆਂ, ਖ਼ਾਸ ਕਰਕੇ ਬੇਟ ਇਲਾਕੇ ਦੀ ਅਨਾਜ ਮੰਡੀ ਦੀ ਸਥਿਤੀ ਕਾਫ਼ੀ ਨਾਜ਼ੁਕ ਬਣੀ ਹੋਈ ਹੈ, ਜਿੱਥੇ ਬੁਨਿਆਦੀ ਸੁਵਿਧਾਵਾਂ ਦੀ ਭਾਰੀ ਕਮੀ ਵੇਖਣ ਨੂੰ ਮਿਲ ਰਹੀ ਹੈ | ਪੰਜਾਬ ਮੰਡੀ ਬੋਰਡ, ਮਾਰਕੀਟ ਕਮੇਟੀ ਅਤੇ ਵੱਖ-ਵੱਖ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਮੰਡੀਆਂ ਵਿਚ ਪ੍ਰਬੰਧ ਕਰਨ ਲਈ ਕੋਈ ਗੰਭੀਰ ਕਦਮ ਨਹੀਂ ਚੁੱਕੇ ਗਏ | ਮੰਡੀਆਂ ਵਿਚ ਨਾ ਤਾਂ ਸਾਫ਼ ਪੀਣ ਵਾਲੇ ਪਾਣੀ ਦੀ ਸੁਵਿਧਾ ਹੈ ਅਤੇ ਨਾ ਹੀ ਸਾਫ਼-ਸੁਥਰੇ ਟਾਇਲਟ ਉਪਲੱਬਧ ਹਨ | ਇਸ ਤੋਂ ਇਲਾਵਾ ਕਿਸਾਨਾਂ ਦੀ ਫ਼ਸਲ ਨੂੰ ਬਰਸਾਤ ਜਾਂ ਅਚਾਨਕ ਮੌਸਮੀ ਬਦਲਾਅ ਤੋਂ ਬਚਾਉਣ ਲਈ ਤਰਪਾਲਾਂ ਅਤੇ ਹੋਰ ਸੁਰੱਖਿਆ ਪ੍ਰਬੰਧ ਵੀ ਨਜ਼ਰ ਨਹੀਂ ਆ ਰਹੇ | ਇਸ ਵੇਲੇ ਖੇਤਾਂ ਵਿਚ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਤਿਆਰ ਖੜ੍ਹੀ ਹੈ ਅਤੇ ਮੌਸਮ ਸਾਫ਼ ਹੋਣ ਨਾਲ ਕਿਸਾਨ ਆਪਣੀ ਫ਼ਸਲ ਮੰਡੀਆਂ ਵੱਲ ਲਿਆਉਣ ਲੱਗਣਗੇ | ਅਜਿਹੇ ਹਾਲਾਤਾਂ ਵਿਚ ਜੇਕਰ ਮੰਡੀਆਂ ਵਿਚ ਤੁਰੰਤ ਬੁਨਿਆਦੀ ਸਹੂਲਤਾਂ ਅਤੇ ਯੋਗ ਪ੍ਰਬੰਧ ਨਾ ਕੀਤੇ ਗਏ ਤਾਂ ਕਿਸਾਨਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਸਰਕਾਰ ਦੇ ਦਾਅਵਿਆਂ ਅਤੇ ਮੌਕੇ ਦੀ ਹਕੀਕਤ ਵਿਚਲਾ ਵੱਡਾ ਅੰਤਰ ਸਾਫ਼ ਨਜ਼ਰ ਆ ਰਿਹਾ ਹੈ, ਜਿਸ ਨਾਲ ਅੰਨਦਾਤਾ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ | ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਮੰਡੀਆਂ ਵਿਚ ਸਫ਼ਾਈ ਅਤੇ ਬੁਨਿਆਦੀ ਸਹੂਲਤਾਂ ਯਕੀਨੀ ਬਣਾਏ ਤਾਂ ਜੋ ਖ਼ਰੀਦ ਪ੍ਰਕਿਰਿਆ ਬਿਨਾਂ ਕਿਸੇ ਰੁਕਾਵਟ ਦੇ ਸੁਚੱਜੇ ਢੰਗ ਨਾਲ ਹੋ ਸਕੇ |