ਜਗਰਾਉਂ, 2 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-33 ਫ਼ੀਸਦੀ ਧਰਤੀ ਦੇ ਹਿੱਸੇ ਨੂੰ ਰੁੱਖਾਂ ਨਾਲ ਸਜਾਉਣ ਲਈ ਚਾਰਾਜੋਈ ਕਰ ਰਹੀ ਦਾ ਗਰੀਨ ਪੰਜਾਬ ਮਿਸ਼ਨ ਟੀਮ ਵਲੋਂ ਆਮ ਆਦਮੀ ਪਾਰਟੀ ਦੇ ਐੱਮ.ਐੱਲ.ਏ. ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਇਕ ਮੰਗ ਪੱਤਰ ਦਿੱਤਾ ਗਿਆ | ਟੀਮ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ ਦੇਹੜਕਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਜੰਗਲ ਸੁਰੱਖਿਆ ਐਕਟ ਅਨੁਸਾਰ ਮੈਦਾਨੀ ਖੇਤਰਫਲ ਦਾ 33 ਪ੍ਰਤੀਸ਼ਤ ਰਕਬਾ ਜੰਗਲਾਂ ਅਧੀਨ ਹੋਣਾ ਲਾਜ਼ਮੀ ਹੈ ਅਤੇ ਪੰਜਾਬ ਦਾ ਸਿਰਫ਼ 3 ਤੋਂ 4 ਪ੍ਰਤੀਸ਼ਤ ਹਿੱਸਾ ਹੀ ਜੰਗਲਾਂ ਅਧੀਨ ਹੈ ਇਸੇ ਕਾਰਨ ਪੰਜਾਬ ਕੈਂਸਰ ਦੀ ਰਾਜਧਾਨੀ ਬਣ ਚੁੱਕਿਆ ਹੈ | ਦੇਹੜਕਾ ਅਨੁਸਾਰ ਜੇ ਕੈਂਸਰ ਟਰੇਨ ਨੂੰ ਰੋਕਣਾ ਹੈ ਤਾਂ ਧਰਤੀ ਦੇ 33 ਪ੍ਰਤੀਸ਼ਤ ਖੇਤਰਫਲ ਉੱਪਰ ਰੁੱਖ ਲਗਾਉਣੇ ਲਾਜ਼ਮੀ ਹਨ | ਇਸ ਮਕਸਦ ਨੂੰ ਪੂਰਾ ਕਰਨ ਲਈ ਟੀਮ ਵਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਐੱਮ.ਐੱਲ.ਏ. ਨੂੰ ਵਿਧਾਨ ਸਭਾ ਵਿਚ ਬੋਲਣ ਅਤੇ ਘੱਟੋ ਘੱਟ ਪੰਚਾਇਤੀ ਜ਼ਮੀਨਾਂ ਦੇ 33 ਪ੍ਰਤੀਸ਼ਤ ਹਿੱਸੇ ਉੱਪਰ ਬਾਗਬਾਨੀ ਕਰਕੇ ਜੰਗਲਾਂ ਦਾ ਰਕਬਾ ਵਧਾਉਣ ਲਈ ਮਤਾ ਪਾਸ ਕਰਕੇ ਫੌਰੀ ਤੌਰ 'ਤੇ ਲਾਗੂ ਕਰਵਾਉਣ ਲਈ ਮੰਗ ਪੱਤਰ ਦਿੱਤੇ ਜਾ ਰਹੇ ਹਨ ਤਾਂ ਕਿ ਪੰਜਾਬੀਆਂ ਨੂੰ ਤੰਦਰੁਸਤੀ ਅਤੇ ਡਿੱਗ ਰਹੇ ਧਰਤੀ ਹੇਠਲੇ ਪਾਣੀ ਨੂੰ ਉੱਪਰ ਲਿਆਂਦਾ ਜਾ ਸਕੇ | ਇਸ ਮੌਕੇ ਵਿਧਾਇਕ ਲਾਡੀ ਢੋਸ ਨੇ ਕਿਹਾ ਕਿ ਉਨ੍ਹਾਂ ਵਲੋਂ ਵਿਧਾਨ ਸਭਾ ਵਿਚ ਦੂਜਾ ਭਾਸ਼ਣ ਹੀ ਮੋਟਰਾਂ ਦੀ ਹਾਰਸ ਪਾਵਰ ਮੁਤਾਬਿਕ ਰੁੱਖ ਲਗਾਉਣ ਨੂੰ ਲਾਜ਼ਮੀ ਬਣਾਉਣ ਲਈ ਜ਼ੋਰ ਦਿੱਤਾ ਗਿਆ ਸੀ ਅਤੇ ਜੋ ਕਿਸਾਨ ਰੁੱਖ ਨਹੀਂ ਲਗਾਉਣਗੇ ਉਨ੍ਹਾਂ ਨੂੰ ਮੁਫ਼ਤ ਬਿਜਲੀ ਦਾ ਲਾਭ ਨਹੀਂ ਮਿਲਣਾ ਚਾਹੀਦਾ | ਜ਼ਿਕਰਯੋਗ ਹੈ ਕਿ ਟੀਮ ਵਲੋਂ ਪਿਛਲੇ ਦਿਨੀ ਕਾਂਗਰਸ ਪਾਰਟੀ ਵਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ | ਇਸ ਮੌਕੇ ਪ੍ਰੋ: ਕਰਮ ਸਿੰਘ ਸੰਧੂ, ਹਰਨਰਾਇਣ ਸਿੰਘ ਮੱਲੇਆਣਾ, ਮੇਜਰ ਸਿੰਘ ਛੀਨਾ, ਮੈਡਮ ਕੰਚਨ ਗੁਪਤਾ, ਸਾਬਕਾ ਇੰਸਪੈਕਟਰ ਜਗਰਾਜ ਸਿੰਘ ਆਦਿ ਹਾਜ਼ਰ ਸਨ |