ਅਹਿਮਦਗੜ੍ਹ, 4 ਅਪੈ੍ਰਲ (ਰਵਿੰਦਰ ਪੁਰੀ)-ਪੱਛਮ ਏਸ਼ੀਆ ਵਿਚ ਈਰਾਨ-ਇਜ਼ਰਾਈਲ ਯੁੱਧ ਕਾਰਨ ਪੈਦਾ ਹੋਏ ਤਣਾਅ ਦੇ ਚੱਲਦਿਆਂ ਇਸ ਖੇਤਰ ਵਿਚ ਅੰਤਰਰਾਸ਼ਟਰੀ ਸੰਸਥਾ ਰੋਟਰੀ ਇੰਟਰਨੈਸ਼ਨਲ ਦੀਆਂ ਇਕਾਈਆਂ ਵਲੋਂ ਸ਼ਾਂਤੀ ਮਤੇ ਪਾ ਕੇ ਯੂ. ਪੀ. ਦੇ ਆਗਰਾ ਸ਼ਹਿਰ ਵਿਖੇ ਹੋਈ ਸ਼ਾਂਤੀ ਯਾਤਰਾ ਵਿਚ ਹਿੱਸਾ ਲਿਆ ਗਿਆ | ਆਗਰਾ ਦੇ ਹੋਟਲ ਤਾਜ ਤੋਂ ਸ਼ੁਰੂ ਹੋਕੇ ਮੁਹੱਬਤ ਤੇ ਕੁਰਬਾਨੀ ਦੇ ਪ੍ਰਤੀਕ ਤਾਜ ਮਹਿਲ ਤੱਕ ਸੰਪੰਨ ਹੋਈ ਸ਼ਾਂਤੀ ਯਾਤਰਾ ਬਾਰੇ ਜਾਣਕਾਰੀ ਦਿੰਦਿਆਂ ਰੋਟਰੀ ਦੇ ਅਸਿਸਟੈਂਟ ਗਵਰਨਰ ਸੁਰਿੰਦਰਪਾਲ ਸੋਫਤ ਅਤੇ ਰੋਟਰੀ ਇੰਟਰਨੈਸ਼ਨਲ ਅਹਿਮ ਸੇਵਾ ਨਿਭਾ ਰਹੇ ਮਹੇਸ਼ ਸ਼ਰਮਾ ਨੇ ਦੱਸਿਆ ਕਿ ਇਸ ਖੇਤਰ ਦੇ ਰੋਟੇਰੀਅਨਾਂ ਵਲੋਂ ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਆਏ ਅਮਨ ਸ਼ਾਂਤੀ ਦੇ ਦੂਤਾਂ ਨਾਲ ਮਿਲ ਕੇ ਸ਼ਾਂਤੀ ਯਾਤਰਾ ਵਿਚ ਭਾਗ ਲੈ ਕੇ ਵਿਸ਼ਵ ਸ਼ਾਂਤੀ ਦਾ ਸੁਨੇਹਾ ਦਿੱਤਾ ਗਿਆ ਅਤੇ ਪ੍ਰਮਾਤਮਾ ਨੂੰ ਈਰਾਨ-ਇਜ਼ਰਾਈਲ ਜੰਗ ਖ਼ਤਮ ਕਰਨ ਦੀ ਅਰਦਾਸ ਕੀਤੀ ਗਈ | ਇਸ ਯਾਤਰਾ ਦੀ ਅਗਵਾਈ ਜ਼ਿਲ੍ਹਾ ਗਵਰਨਰ ਭੁਪੇਸ਼ ਮਹਿਤਾ ਨੇ ਕੀਤੀ ਅਤੇ ਸਾਬਕਾ ਜ਼ਿਲ੍ਹਾ ਗਵਰਨਰ ਅਮਜਦ ਅਲੀ ਮੁੱਖ ਸੰਚਾਲਕ ਸਨ | ਰੋਟਰੀ ਕਲੱਬ ਅਹਿਮਦਗੜ੍ਹ ਦੇ ਪ੍ਰਧਾਨ ਬਿਪਨ ਸੇਠੀ, ਸਕੱਤਰ ਅਸ਼ੋਕ ਵਰਮਾ, ਪ੍ਰਧਾਨ ਇਲੈਕਟ ਕਰਨ ਕਰੀਰ ਅਤੇ ਰੋਟਰੀ ਡਾਇਨੈਮਿਕ ਦੇ ਪ੍ਰਧਾਨ ਮੁਨੀਸ਼ ਢੰਡ ਤੇ ਸਕੱਤਰ ਸ਼ੈਂਕੀ ਗੋਇਲ ਨੇ ਵੱਖ ਵੱਖ ਮੀਟਿੰਗਾਂ ਕਰ ਕੇ ਸ਼ਾਂਤੀ ਸੁਨੇਹੇ ਭੇਜੇ | ਜ਼ਿਲ੍ਹਾ ਗਵਰਨਰ ਭੁਪੇਸ਼ ਮਹਿਤਾ ਨੇ ਕਰੀਬ ਇੱਕ ਸੌ ਤੋਂ ਵੱਖ-ਵੱਖ ਇਕਾਈਆਂ ਤੋਂ ਆਏ ਸ਼ਾਂਤੀ ਡੈਲੀਗੇਟਾਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਉਨ੍ਹਾਂ ਵਲੋਂ ਕੀਤੀ ਸਮੂਹਿਕ ਅਰਜੋਈ ਨੂੰ ਜਲਦੀ ਬੂਰ ਪਵੇਗਾ |