ਜਗਰਾਉਂ ਤਹਿਸੀਲ ਕੰਪਲੈਕਸ ਵਿਖੇ ਦੋ ਸਬ-ਡਵੀਜ਼ਨਾਂ ਦੀ ਏ.ਡੀ.ਸੀ. ਚੀਮਾ ਦੀ ਅਗਵਾਈ ਹੇਠ ਹੋਈ ਮੀਟਿੰਗ
ਅਜੀਤ ਡੈਸਕ
07-04-2026
ਜਗਰਾਉਂ, 6 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਅੱਜ ਤਹਿਸੀਲ ਕੰਪਲੈਕਸ ਜਗਰਾਉਂ ਵਿਖੇ ਦੋ ਸਬ ਡਿਵੀਜ਼ਨਾਂ ਜਗਰਾਉਂ ਅਤੇ ਰਾਏਕੋਟ ਵਿਚ ਰਬੀ ਮਾਰਕੀਟਿੰਗ ਸੀਜ਼ਨ 2026-27 ਦੌਰਾਨ ਕਣਕ ਦੀ ਖਰੀਦ ਕਰਨ ਲਈ ਖਰੀਦ ਕੇਂਦਰਾਂ ਵਿਚ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮਨਜੀਤ ਸਿੰਘ ਚੀਮਾਂ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਦੀ ਪ੍ਰਧਾਨਗੀ ਹੇਠ ਕਾਨਫਰੰਸ ਹਾਲ 'ਚ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਰਮਨਜੀਤ ਸਿੰਘ ਉਪ ਮੰਡਲ ਮੈਜਿਸਟਰੇਟ ਰਾਏਕੋਟ, ਰਮਨ ਕੁਮਾਰ ਤਹਿਸੀਲਦਾਰ ਜਗਰਾਉਂ, ਰਮਨਿੰਦਰ ਸਿੰਘ ਐੱਸ.ਪੀ. (ਐੱਚ.) ਲੁਧਿਆਣਾ (ਦਿਹਾਤੀ), ਜਸਵਿੰਦਰ ਸਿੰਘ ਢੀਂਡਸਾ ਡੀ.ਐੱਸ.ਪੀ. ਜਗਰਾਉਂ, ਜਸਵਿੰਦਰ ਸਿੰਘ ਡੀ.ਐੱਫ.ਐੱਸ.ਓ., ਬੇਅੰਤ ਸਿੰਘ ਏ.ਐੱਫ.ਐੱਸ.ਓ., ਸਰਬਜੀਤ ਸਿੰਘ ਸੁਪਰਡੈਂਟ ਸਮੇਤ ਮਾਰਕੀਟ ਕਮੇਟੀ ਦੇ ਸੈਕਟਰੀ, ਮੰਡੀ ਸੁਪਰਵਾਈਜ਼ਰ, ਖਰੀਦ ਏਜੰਸੀਆਂ ਦੇ ਇੰਸਪੈਕਟਰ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ, ਟਰਾਂਸਪੋਰਟ ਅਤੇ ਲੇਬਰ ਯੂਨੀਅਨਾਂ ਦੇ ਪ੍ਰਧਾਨ ਹਾਜ਼ਰ ਸਨ | ਮੀਟਿੰਗ ਵਿਚ ਸੰਬੋਧਨ ਕਰਦਿਆਂ ਮਨਜੀਤ ਸਿੰਘ ਚੀਮਾਂ ਵਧੀਕ ਡਿਪਟੀ ਕਮਿਸ਼ਨਰ, ਜਗਰਾਉਂ ਨੇ ਡੀ.ਐੱਫ.ਐੱਸ.ਓ. ਨੂੰ ਕਣਕ ਦੀ ਖਰੀਦ ਕਰਨ ਲਈ ਫੜਾਂ ਦੀ ਵੰਡ, ਸਟਾਫ਼ ਦੀ ਨਿਯੁਕਤੀ, ਬਾਰਦਾਨਾ, ਸਟੋਰੇਜ ਦੀ ਅਲਾਟਮੈਂਟ, ਕਰੇਟਾਂ ਦਾ ਪ੍ਰਬੰਧ, ਮੰਡੀਆਂ ਵਿਚ ਪਾਣੀ ਦਾ ਪ੍ਰਬੰਧ, ਸਫ਼ਾਈ ਦਾ ਪ੍ਰਬੰਧ, ਸ਼ਮਿਆਨੇ ਦਾ ਪ੍ਰਬੰਧਾਂ ਸਬੰਧੀ ਢੁੱਕਵੇਂ ਪ੍ਰਬੰਧ ਕਰਨ ਲਈ ਹਦਾਇਤ ਕੀਤੀ | ਉਨ੍ਹਾਂ ਨੇ ਖਰੀਦੀ ਕਣਕ ਨੂੰ ਮੰਡੀਆਂ ਵਿਚੋਂ ਚੁਕਵਾਉਣ ਅਤੇ ਮਿੱਥੇ ਸਟੋਰਾਂ ਵਿਚ ਸਟੋਰ ਕਰਨ ਲਈ ਢੁੱਕਵੇਂ ਪ੍ਰਬੰਧ ਕਰਨ ਅਤੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਤਰਪਾਲਾਂ ਆਦਿ ਦਾ ਪ੍ਰਬੰਧ ਕਰਨ ਲਈ ਵੀ ਹਦਾਇਤ ਕੀਤੀ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਫ਼ਸਲ ਮੰਡੀਆਂ ਵਿਚ ਵੇਚਣ ਸਬੰਧੀ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ | ਇਸ ਮੀਟਿੰਗ ਵਿਚ ਆੜ੍ਹਤੀਆ ਵੱਲੋਂ ਰੱਖੀਆਂ ਗਈਆਂ ਸਮੱਸਿਆਵਾਂ ਅਤੇ ਸੁਝਾਵਾਂ 'ਤੇ ਵੀ ਚੀਮਾਂ ਨੇ ਮੰਡੀਆਂ ਵਿਚ ਕਣਕ ਦੀ ਸੁਚਾਰੂ ਢੰਗ ਨਾਲ ਖਰੀਦ, ਲਿਫ਼ਟਿੰਗ, ਬਾਰਦਾਨੇ ਦਾ ਪੂਰਾ ਪ੍ਰਬੰਧ ਯਕੀਨੀ ਬਣਾਇਆ ਜਾਵੇਗਾ | ਇਸ ਲਈ ਸਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ | ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀ ਵਿਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ 'ਤੇ ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ ਜਾਂ ਉਨ੍ਹਾਂ ਨਾਲ ਸੰਪਰਕ ਕਰਨ | ਕਣਕ ਦੀ ਖਰੀਦ ਸਬੰਧੀ ਕਿਸਾਨਾਂ ਨੂੰ ਕਿਸੇ ਵੀ ਮੰਡੀ ਵਿਚ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਪੰਜਾਬ ਸਰਕਾਰ ਕਣਕ ਦਾ ਦਾਣਾ-ਦਾਣਾ ਖਰੀਦਣ ਲਈ ਵਚਨਬੱਧ ਹੈ | ਇਸ ਮੌਕੇ ਡੀ.ਐੱਫ.ਐੱਸ.ਓ. ਨੂੰ ਝਗੜਾ ਨਿਵਾਰਨ ਕਮੇਟੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ | ਆੜ੍ਹਤੀਆ ਵਲੋਂ ਧਿਆਨ ਵਿਚ ਲਿਆਂਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ | ਇਸ ਮੌਕੇ ਡੀ.ਐੱਫ.ਐੱਸ.ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਮੰਡੀਆਂ ਵਿਚ ਕਣਕ ਦੀ ਖਰੀਦ ਕਰਨ ਲਈ ਸਾਰੇ ਪ੍ਰਬੰਧ ਪੂਰੇ ਕਰ ਲਏ ਹਨ ਅਤੇ ਸਟਾਫ਼ ਦੀ ਨਿਯੁਕਤੀ ਵੀ ਕਰ ਦਿੱਤੀ ਹੈ | ਮੰਡੀਆਂ ਵਿਚ ਬਾਰਦਾਨੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਖਰੀਦੀ ਕਣਕ ਦੀ ਚੁਕਾਈ ਵੀ ਸਮੇਂ ਸਿਰ ਕੀਤੀ ਜਾਵੇਗੀ | ਇਸ ਮੌਕੇ ਮਾਰਕੀਟ ਕਮੇਟੀਆਂ ਦੇ ਸੈਕਟਰੀਆਂ ਨੇ ਭਰੋਸਾ ਦਿਵਾਇਆ ਕਿ ਮੰਡੀਆਂ ਵਿਚ ਪੀਣ ਵਾਲੇ ਪਾਣੀ, ਸਫ਼ਾਈ ਦਾ ਪ੍ਰਬੰਧ ਅਤੇ ਲਾਈਟਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ | ਇਸ ਮੌਕੇ ਕਨੱਈਆ ਬਾਂਕਾ ਗੁਪਤਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਵਲੋਂ ਜਿਥੇ ਹਾੜ੍ਹੀ ਦਾ ਮੁੱਖ ਫ਼ਸਲ ਕਣਕ ਦੀ ਚੋਰੀ ਸਬੰਧੀ ਮੁੱਦਾ ਉਠਾਇਆ ਉਥੇ ਉਨ੍ਹਾਂ ਕਿਸਾਨਾਂ ਨੂੰ ਮੰਡੀਆਂ 'ਚ ਆਉਂਦੀਆਂ ਸਮੱਸਿਆਵਾਂ ਸੰਬੰਧੀ ਵਿਸਥਾਰ ਨਾਲ ਜਿਕਰ ਕੀਤਾ | ਜਿਸ 'ਤੇ ਪੁਲਿਸ ਅਧਿਕਾਰੀਆਂ ਵਲੋਂ ਭਰੋਸਾ ਦਿੱਤਾ ਕਿ ਕਣਕ ਦੀ ਚੋਰੀ ਰੋਕਣ ਲਈ ਪੀ.ਸੀ.ਆਰ. ਟੀਮਾਂ ਦਾ ਗਠਨ ਕਰ ਦਿੱਤਾ ਹੈ | ਇਸ ਮੌਕੇ ਹਾਜ਼ਰ ਟਰਾਂਸਪੋਰਟ ਅਤੇ ਲੇਬਰ ਠੇਕੇਦਾਰਾਂ ਨੂੰ ਵੀ ਕਣਕ ਦੇ ਸੀਜਨ ਦੌਰਾਨ ਪੂਰਨ ਸਹਿਯੋਗ ਦੇਣ ਲਈ ਕਿਹਾ |