07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਨਗਰ ਕੌਂਸਲ ਜਗਰਾਉਂ ਦੀ ਹਾਊਸ ਮੀਟਿੰਗ 'ਚ ਭਾਰੀ ਹੰਗਾਮਾ, ਭਿ੍ਸ਼ਟਾਚਾਰ ਦਾ ਮੁੱਦਾ ਰਿਹਾ ਭਾਰੂ

Ad Position 21
No active advertisement
ਅਜੀਤ ਡੈਸਕ 07-04-2026
ਜਗਰਾਉਂ, 6 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)- ਨਗਰ ਕੌਂਸਲ ਜਗਰਾਉਂ ਹਾਊਸ ਮੀਟਿੰਗ ਟਾਊਨ ਹਾਲ ਦਫ਼ਤਰ ਨਗਰ ਕੌਂਸਲ ਵਿਖੇ ਹੋਈ | ਇਹ ਮੀਟਿੰਗ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਅਤੇ ਈ.ਓ. ਮੋਹਿਤ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਕੁੱਲ 19 ਮਤੇ ਪੇਸ਼ ਕੀਤੇ ਗਏ, ਜੋ ਭਾਰੀ ਹੰਗਾਮੇ ਤੋਂ ਬਾਅਦ ਪਾਸ ਕਰ ਦਿੱਤੇ, ਜਦਕਿ ਮਤਾ ਨੰਬਰ-19 ਵਿਚ ਪਾਏ ਕੰਮਾਂ ਦੀ ਪੜਤਾਲ ਕਰਵਾਉਣ ਤੋਂ ਬਾਅਦ ਅਗਲੀ ਮੀਟਿੰਗ ਵਿਚ ਇਹ ਕੰਮ ਪਾਸ ਕਰਵਾਉਣ ਦੀ ਸਹਿਮਤੀ ਬਣੀ | ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਇਸ ਮੀਟਿੰਗ ਵਿਚ ਕੁੱਲ ਹਾਜ਼ਰ 20 ਮੈਂਬਰਾਂ ਵਿਚੋਂ 11 ਵਿਰੋਧੀ ਧਿਰ ਦੇ ਹੋਣ ਦੇ ਬਾਵਜੂਦ ਸ਼ਹਿਰ ਦੇ ਹਿੱਤਾਂ ਨੂੰ ਦੇਖਦਿਆਂ ਹੋਇਆਂ ਸੱਤ੍ਹਾਧਾਰੀਆਂ ਨਾਲ ਪੂਰੀ ਤਰ੍ਹਾਂ ਸਹਿਯੋਗ ਦਿੱਤਾ ਗਿਆ | ਮੀਟਿੰਗ ਵਿਚ ਵਿਰੋਧੀ ਧਿਰ ਨੇ ਦੋਸ਼ ਲਾਏ ਕਿ ਸੱਤ੍ਹਾਧਾਰੀਆਂ ਨੇ ਆਪਣੇ ਵਾਰਡਾਂ ਵਿਚ ਕੰਮ ਕਰਵਾਉਣ ਲਈ ਰਾਸ਼ੀ ਜਿਆਦਾ ਅਤੇ ਵਿਰੋਧੀਆਂ ਦੇ ਵਾਰਡਾਂ ਲਈ ਨਾ-ਮਾਤਰ ਰੱਖੀ ਗਈ ਹੈ | ਉਨ੍ਹਾਂ ਕਿਹਾ ਕਿ ਅਸੂਲ ਤਾਂ ਇਹ ਹੈ ਕਿ ਜਿਨ੍ਹਾਂ ਵਾਰਡਾਂ ਵਿਚ ਕੰਮ ਹੋਣ ਵਾਲੇ ਹਨ, ਨੂੰ ਪਹਿਲ ਦਿੱਤੀ ਜਾਂਦੀ ਹੈ | ਵਾਰਡ ਨੰ: 6 ਦੇ ਕੌਂਸਲਰ ਜਰਨੈਲ ਸਿੰਘ ਨੇ ਲੋਹਟ ਨੇ ਕਿਹਾ ਕਿ ਨਗਰ ਕੌਂਸਲ ਨੇ ਮੇਰੇ ਵਾਰਡ ਤੋਂ ਕੂੜਾ ਚੱਕਣ ਲਈ 58.50 ਲੱਖ ਰੁਪਏ ਰੱਖੇ ਹਨ | ਉਨ੍ਹਾਂ ਕਿਹਾ ਕਿ ਕਮੇਟੀ ਮੈਨੂੰ 20 ਲੱਖ ਰੁਪਏ ਦੇਵੇ, ਮੈਂ ਇਸ ਕੂੜੇ ਦੇ ਢੇਰ ਨੂੰ ਪੂਰਨ ਰੂਪ ਵਿਚ ਸਾਫ਼ ਕਰਵਾ ਦੇਵਾਂਗਾ | ਇਸ ਤਰ੍ਹਾਂ ਵਾਰਡ ਨੰਬਰ-5 ਦੇ ਕੌਂਸਲਰ ਰਮੇਸ਼ ਕੁਮਾਰ ਸਹੋਤਾ ਨੇ ਕਿਹਾ ਕਿ ਮੇਰਾ ਵਾਰਡ ਪਿੱਛੜਿਆ ਹੋਇਆ ਹੈ | ਇਸ ਵਾਰਡ ਵਿਚ ਜਿਸ ਕਦਰ ਵਿਕਾਸ ਦੇ ਕੰਮ ਹੋਣੇ ਚਾਹੀਦੇ ਹਨ, ਉਸ ਤਰਜ਼ 'ਤੇ ਕੰਮ ਪਾਏ ਨਹੀਂ ਗਏ ਹਨ | ਉਨ੍ਹਾਂ ਕਿਹਾ ਕਿ ਵਾਰਡ ਦੀਆਂ ਸੜਕਾਂ ਉੱਚੀਆਂ ਹੋ ਜਾਣ ਕਾਰਨ ਕਾਰਜ ਸੀਵਰੇਜ ਦੇ ਹੋਲ ਬਹੁਤ ਨੀਵੇਂ ਰਹਿ ਗਏ ਹਨ | ਇਸ ਕਾਰਨ ਇਨ੍ਹਾਂ ਦੀ ਸਫ਼ਾਈ ਨਹੀਂ ਹੋ ਰਹੀ ਹੈ | ਉਨ੍ਹਾਂ ਸੀਵਰੇਜ ਦੇ ਹੋਲ ਨੂੰ ਉੱਚਾ ਚੁੱਕ ਕੇ ਬਣਾਉਣ ਲਈ ਵੀ ਆਖਿਆ | ਕੌਂਸਲਰ ਹਿਮਾਂਸ਼ੂ ਮਲਿਕ ਨੇ ਕਿਹਾ ਕਿ ਮਤਾ ਨੰਬਰ-16 ਵਿਚ ਬਿਜਲੀ ਦੇ ਸਾਮਾਨ ਲਈ 2 ਕਰੋੜ 40 ਲੱਖ ਰੁਪਏ ਰੱਖੇ ਗਏ ਹਨ | ਇਨ੍ਹਾਂ ਵਿਚੋਂ 1.50 ਕਰੋੜ ਦੇ 200 ਬਿਜਲੀ ਦੇ ਖੰਬੇ ਖ਼ਰੀਦਣੇ ਹਨ | ਉਨ੍ਹਾਂ ਕਿਹਾ ਕਿ ਇਸ ਹਿਸਾਬ ਨਾਲ ਇਕ ਖੰਬਾ 75 ਹਜ਼ਾਰ ਦਾ ਹੋਵੇਗਾ | ਉਨ੍ਹਾਂ ਆਖਿਆ ਕਿ ਇਹ ਖੰਬੇ ਕਿਸ ਧਾਤੂ ਦੇ ਬਣਨੇ ਹਨ | ਜਿਸ ਕਾਰਨ ਸਾਨੂੰ ਇਕ ਖੰਬੇ ਦੀ ਇਨ੍ਹੀ ਵੱਡੀ ਰਕਮ ਰੱਖਣੀ ਪਈ ਹੈ | ਉਨ੍ਹਾਂ ਦੱਸਿਆ ਕਿ ਮਤਾ ਨੰਬਰ-19 ਦੇ 35 ਅਤੇ 36 ਉਹ ਕੰਮ ਹਨ, ਜਿਨ੍ਹਾਂ ਦਾ ਪਹਿਲਾਂ ਹੀ ਵਰਕ ਆਰਡਰ ਕੱਟਿਆ ਹੋਇਆ ਹੈ | ਇਸ ਕੰਮ ਨੂੰ ਚਾਲੂ ਕਰਵਾਉਣਾ ਸੀ, ਨਾ ਕਿ ਦੁਬਾਰਾ ਮਤਾ ਪਾਉਣਾ ਸੀ | ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਸ਼ਾਇਦ ਸੱਤ੍ਹਾਧਾਰੀਆਂ ਨੇ ਪ੍ਰਸ਼ਾਸਨ ਨਾਲ ਰਲਕੇ ਕਥਿਤ ਰੂਪ ਵਿਚ ਇਕ ਕੰਮ ਦੇ ਦੋ ਵਾਰ ਬਿੱਲ ਪਾਸ ਕਰਵਾਉਣੇ ਸਨ | ਇਸ ਮੌਕੇ ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਬਿਜਲੀ ਦੇ ਖੰਬਿਆਂ ਲਈ ਸ਼ਨਾਖ਼ਤ ਹੋਣੀ ਚਾਹੀਦੀ ਹੈ ਕਿ ਕਿਸ ਵਾਰਡ ਵਿਚ ਕਿਨ੍ਹੇ ਖੰਬੇ ਲੱਗਣ ਦੀ ਲੋੜ ਹੈ | ਉਨ੍ਹਾਂ ਭਦਰਕਾਲੀ ਮੰਦਰ ਨੇੜੇ ਕੂੜੇ ਦੇ ਡੰਪ ਦੀ ਦੁਬਾਰਾ ਰੈਮੀਡੇਸ਼ਨ ਕਰਵਾਉਣ ਸਬੰਧੀ ਕਿਹਾ ਕਿ ਇਹ ਇਸ ਤੋਂ ਪਹਿਲਾਂ ਤਿੰਨ ਵਾਰ ਹੋ ਚੁੱਕੀ ਹੈ ਅਤੇ ਇਸ ਵਾਸਤੇ ਦੋ ਕਰੋੜ ਰੁਪਏ ਖ਼ਰਚ ਵੀ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਇਹ ਦੁਬਾਰਾ ਕਰਵਾਉਣ ਦਾ ਮਤਲਬ ਸਮਝ ਨਹੀਂ ਆ ਰਿਹਾ ਹੈ | ਉਨ੍ਹਾਂ ਪੀਣ ਵਾਲੇ ਪਾਣੀ ਵਿਚ ਰੇਡੀਓ ਐਕਟਿਵ ਐਲੀਮੈਂਟ (ਯੂਰੇਨੀਅਮ) ਅਤੇ ਹੈਵੀ ਮੈਟਲਜ਼ ਦੇ ਟੈਸਟ ਕਰਵਾਉਣ ਸਬੰਧੀ ਕਿਹਾ ਕਿ ਜਾਂਚ ਹੁਣ ਹੋ ਰਹੀ ਹੈ, ਜਦਕਿ ਸ਼ਹਿਰ ਵਾਸੀਆਂ ਨੂੰ ਨਹਿਰੀ ਪਾਣੀ ਦੀ ਸਪਲਾਈ ਦੇਣ ਲਈ ਪਾਇਪਾਂ ਪਹਿਲਾਂ ਹੀ ਪਾ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਬਿਨ੍ਹਾਂ ਕਸੂਰ ਤੋਂ ਕਿਸੇ ਵੀ ਮੁਲਾਜ਼ਮ ਨੂੰ ਮੁਅਤਲ ਨਾ ਕੀਤਾ ਜਾਵੇ | ਕੌਂਸਲਰ ਗੁਰਪ੍ਰੀਤ ਕੌਰ ਤੱਤਲਾ ਨੇ ਵਾਰਡ ਵਿਚ ਬਿਜਲੀ ਦੇ ਖੰਬੇ ਲਾਉਣ ਦੀ ਮੰਗ ਕੀਤੀ | ਕੌਂਸਲਰ ਡਿੰਪਲ ਗੋਇਲ ਨੇ ਕਮੇਟੀ ਦੇ ਪਿਛਲੇ ਪਾਸੇ ਪਏ ਕੂੜੇ ਨੂੰ ਚੁਕਾਉਣ ਅਤੇ ਜਨਾਨਾ ਹਸਪਤਾਲ ਨੇੜੇ ਅਧੂਰੀ ਪਈ ਸੜਕ ਨੂੰ ਬਣਾਉਣ ਦੀ ਮੰਗ ਕੀਤੀ | ਇਸ ਮੌਕੇ ਕਾਰਜ ਸਾਧਕ ਅਧਿਕਾਰੀ ਮੋਹਿਤ ਸ਼ਰਮਾ ਨੇ ਕਿਹਾ ਕਿ ਜਗਰਾਉਂ ਸ਼ਹਿਰ ਅੰਦਰ ਪਾਰਦਰਸ਼ੀ ਢੰਗ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਵਾਰਡਾਂ ਵਿਚ ਹੀ ਪਹਿਲਾਂ ਅਤੇ ਜਿਆਦਾ ਕੰਮ ਹੋਣਗੇ, ਜਿਨ੍ਹਾਂ 'ਚ ਜ਼ਰੂਰਤ ਹੋਵੇਗੀ | ਉਨ੍ਹਾਂ ਸਮੂਹ ਮੈਂਬਰਾਂ ਨੂੰ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ | ਇਸ ਮੌਕੇ ਅਜੇ ਪਾਲ ਵਰਮਾ, ਨਿਰਮਲਜੀਤ, ਸ਼ਿਵ ਕੁਮਾਰ, ਹਰੀਸ਼ ਕੁਮਾਰ, ਰਜਿੰਦਰ ਕੌਰ, ਅਮਰਜੀਤ ਸਿੰਘ ਮਾਲਵਾ, ਰਣਜੀਤ ਕੌਰ, ਪਰਮਿੰਦਰ ਕੌਰ, ਵਿਕਰਮ ਜੱਸੀ, ਸੁਖਦੇਵ ਕੌਰ, ਅਨੀਤਾ ਸਭਰਵਾਲ, ਅਮਨ ਕਪੂਰ, ਸਤੀਸ਼ ਕੁਮਾਰ ਦੋਧਰੀਆ, ਸੁਧਾ ਰਾਣੀ, ਦਰਸ਼ਨਾ ਦੇਵੀ, ਅਨਮੋਲ ਗੁਪਤਾ, ਕਵਿਤਾ ਰਾਣੀ, ਹਰਦੀਪ ਢੋਲਣ, ਸਤਿਨਾਮ ਸਿੰਘ ਵਿੱਕੀ, ਦਵਿੰਦਰ ਸਿੰਘ ਗਰਚਾ, ਗੁਰਸਿਮਰਨ ਸਿੰਘ ਗੁਰੂ, ਰਵੀ ਗਿੱਲ, ਸੁਨੀਲ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਗਤ ਧੰਨਾ ਜੱਟ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ -ਮਾਮਲਾ ਖਹਿਰਾ ਬੇਟ 'ਚ ਨਾਜਾਇਜ਼ ਮਾਈਨਿੰਗ ਦਾ- 'ਆਪ' ਦੇ ਰਾਜ 'ਚ ਰੇਤ ਮਾਫੀਆ ਹੱਦਾਂ ਬੰਨ੍ਹੇ ਟੱਪਿਆ-ਸਿੰਮਕ
Ad Position 24