ਮੁੱਲਾਂਪੁਰ-ਦਾਖਾ, 7 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਵਿਖੇ ਵਿਸ਼ਵ ਸਿਹਤ ਦਿਵਸ ਮੌਕੇ ਵਿਸ਼ੇਸ਼ ਸ਼ੈਸ਼ਨ ਕਰਵਾਇਆ ਗਿਆ | ਸਕੂਲ ਦੇ ਪੀ.ਟੀ.ਈ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਯੋਗਾ ਅਭਿਆਸ ਕਰਵਾਇਆ ਗਿਆ | ਸਕੂਲ ਪਿ੍ੰਸੀਪਲ ਵੰਦਨਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਸਮੇਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਵਲੋਂ 7 ਅਪ੍ਰੈਲ 1948 ਨੂੰ ਇਸ ਦਿਨ 'ਤੇ ਵਿਸ਼ਵ ਸਿਹਤ ਦਿਵਸ ਦੀ ਸ਼ੁਰੂਆਤ ਕੀਤੀ ਗਈ ਸੀ, ਇਹ ਦਿਨ ਹਰ ਸਾਲ ਵਿਸ਼ਵ ਸਿਹਤ ਦਿਵਸ ਵਜੋਂ ਮਨਾਇਆ ਜਾਂਦਾ ਹੈ | ਪਿ੍ੰਸੀਪਲ ਸ਼ਰਮਾ ਨੇ ਕਿਹਾ ਕਿ ਸਾਡੀ ਸਿਹਤ ਹੀ ਸਾਡਾ ਧਨ ਹੈ, ਇਹ ਸਾਡੀ ਹੋਂਦ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ | ਅੱਜ ਦੇ ਸਮੇਂ ਵਿਚ ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਗਲਤ ਜੀਵਨ ਸ਼ੈਲੀ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ | ਦੱਸਿਆ ਗਿਆ ਕਿ ਫਾਸਟ ਫੂਡ ਜਾਂ ਬਾਜ਼ਾਰ ਵਿਚ ਖੁੱਲ੍ਹੇ 'ਚ ਵਿਕਦੀਆਂ ਚੀਜ਼ਾਂ ਤੋਂ ਪ੍ਰਹੇਜ਼ ਕੀਤਾ ਜਾਵੇ | ਲੋੜ ਅਨੁਸਾਰ ਸਰੀਰਕ ਕਸਰਤ ਕਰਨ ਦੇ ਨਾਲ ਮਾਨਸਿਕ ਸਿਹਤ ਨੂੰ ਕਾਇਮ ਰੱਖਣ ਲਈ ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ |