ਸਿੱਧਵਾਂ ਬੇਟ, 9 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਅੱਜ ਪਾਵਰਕਾਮ ਦਫ਼ਤਰ ਸਿੱਧਵਾਂ ਬੇਟ ਵਿਖੇ ਟੈਕਨੀਕਲ ਸਰਵਿਸਿਜ਼ ਯੂਨੀਅਨ (ਟੀ. ਐਸ. ਯੂ.) ਦੀ ਇਕ ਮੀਟਿੰਗ ਦੌਰਾਨ ਯੂਨੀਅਨ ਵਲੋਂ 10 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਪਟਿਆਲਾ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਸੰਬੰਧੀ ਵਿਚਾਰ-ਚਰਚਾ ਹੋਈ | ਇਸ ਮੌਕੇ ਜਥੇਬੰਦੀ ਦੇ ਵੱਖ-ਵੱਖ ਆਗੂਆਂ ਨੇ ਆਖਿਆ ਕਿ ਸੂਬਾ ਸਰਕਾਰ ਬਿਜਲੀ ਮੁਲਾਜ਼ਮਾਂ ਨਾਲ ਇਕ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਜਲਦੀ ਰੈਗੂਲਰ ਭਰਤੀ ਕਰੇ ਅਤੇ ਪੁਰਾਣੀ ਪੈਨਸ਼ਨ ਦਿੱਤੀ ਜਾਵੇ | ਇਸ ਮੌਕੇ ਬਿਜਲੀ ਐਕਟ-25 ਦਾ ਵਿਰੋਧ ਕਰ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਡਵੀਜ਼ਨ ਆਗੂ ਅਵਤਾਰ ਸਿੰਘ ਕਲੇਰ, ਸਬ-ਡਵੀਜ਼ਨ ਪ੍ਰਧਾਨ ਅਪਤਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਮੇਲ ਸਿੰਘ, ਕੁਲਵਿੰਦਰ ਸਿੰਘ, ਸੁਖਚੈਨ ਸਿੰਘ, ਵਰਿੰਦਰ ਸਿੰਘ ਧੂਰੀ, ਇੰਦਰਜੀਤ ਸਿੰਘ, ਤਕਦੀਰ ਸਿੰਘ, ਪ੍ਰਦੀਪ ਸਿੰਘ ਆਦਿ ਤੋਂ ਇਲਾਵਾ ਜਥੇਬੰਦੀ ਨਾਲ ਸੰਬੰਧਿਤ ਹੋਰ ਬਿਜਲੀ ਕਾਮੇ ਹਾਜ਼ਰ ਸਨ |