ਚੌਂਕੀਮਾਨ, 11 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਨੂੰ ਐੱਨ.ਈ.ਪੀ 2020 ਅਤੇ ਪੰਜਾਬ ਸਰਕਾਰ ਦੀ 'ਮਰਜਰ' ਪਾਲਸੀ ਤਹਿਤ ਪ੍ਰਵਾਨਗੀ ਪ੍ਰਾਪਤ ਹੋਈ ਹੈ | ਜ਼ਿਕਰਯੋਗ ਹੈ ਕਿ ਟਰੱਸਟ ਸਿੱਧਵਾਂ ਖੁਰਦ ਉੱਤਰੀ ਭਾਰਤ ਦਾ ਪਹਿਲਾ ਟਰੱਸਟ ਹੈ ਜਿਸਨੂੰ ਇਹ ਪ੍ਰਵਾਨਗੀ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ ਹੈ | ਪੰਜਾਬ ਸਰਕਾਰ ਦੀ 'ਮਰਜਰ ਪਾਲਸੀ' ਐਨ.ਈ.ਪੀ 2020 ਤਹਿਤ ਦੋ ਕਾਲਜਾਂ ਨੂੰ ਆਪਸ ਵਿਚ ਮਿਲਾਉਣ (ਮਰਜ਼ਰ) ਦੀ ਪ੍ਰਕਿਰਿਆ ਹੈ ਜਿਸ ਅਧੀਨ ਟਰੱਸਟ ਸਿੱਧਵਾਂ ਖੁਰਦ ਦੀ ਸਰਪ੍ਰਸਤੀ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਵਲੋਂ ਦੋ ਕਾਲਜਾਂ ਨੂੰ ਆਪਸ ਵਿਚ ਮਿਲਾਉਣ ਦੀ ਪ੍ਰਕਿਰਿਆ ਤਹਿਤ ਜੀ.ਐੱਚ.ਜੀ ਹਰਿਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਨੂੰ ਖ਼ਾਲਸਾ ਕਾਲਜ ਫ਼ਾਰ ਵਿਮੈਨ ਵਿਚ ਮਿਲਾਉਣ ਦਾ ਪ੍ਰਗਤੀਸ਼ੀਲ ਉਪਰਾਲਾ ਮਾਣਯੋਗ ਟਰੱਸਟੀਜ਼ ਵਲੋਂ ਕੀਤਾ ਗਿਆ ਸੀ | ਟਰੱਸਟ ਦੇ ਮੈਨੇਜਰ ਡਾ. ਜੀ.ਐੱਸ. ਗਰੇਵਾਲ ਨੇ ਇਹ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਪ੍ਰਕਿਰਿਆ ਦੇ ਅਧੀਨ ਇਹ ਉਪਰਾਲਾ 2022 ਵਿਚ ਕੀਤਾ ਗਿਆ ਸੀ | ਟਰੱਸਟੀਜ਼ ਦੀ ਦੂਰਅੰਦੇਸ਼ੀ ਸੋਚ ਸੀ ਕਿ ਕਿਸੇ ਵੀ ਕਰਮਚਾਰੀ ਨੂੰ ਉਸਦੇ ਰੁਜ਼ਗਾਰ ਤੋਂ ਵਾਂਝਾ ਨਾ ਕੀਤਾ ਜਾਵੇ ਸਗੋਂ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇਹ ਪਾਲਸੀ ਨੂੰ ਅਪਣਾਉਣ ਦਾ ਯਤਨ ਕੀਤਾ ਗਿਆ ਸੀ | ਇਸ ਅਗਾਂਹਵਧੂ ਅਤੇ ਪ੍ਰਗਤੀਸ਼ੀਲ ਸੋਚ ਸਦਕਾ 08 ਅਪ੍ਰੈਲ 2026 ਨੂੰ ਪੰਜਾਬ ਸਰਕਾਰ ਦੀ ਪ੍ਰਕਿਰਿਆ ਤਹਿਤ ਪ੍ਰਵਾਨਗੀ ਪ੍ਰਾਪਤ ਹੋਈ ਹੈ | ਹੁਣ ਜੀ.ਐੱਚ.ਜੀ. ਹਰਿਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਸਿੱਧਵਾਂ ਖੁਰਦ, ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਨਾਂਅ ਨਾਲ ਜਾਣਿਆ ਜਾਵੇਗਾ |