ਰਾਏਕੋਟ, 13 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਨਜ਼ਦੀਕੀ ਪਿੰਡ ਗੋਬਿੰਦਗੜ੍ਹ ਵਿਖੇ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਪਹਿਲਾ ਖ਼ੂਨਦਾਨ ਕੈਂਪ ਸਫ਼ਲਤਾਪੂਰਵਕ ਲਗਾਇਆ ਗਿਆ | ਇਹ ਕੈਂਪ ਪ੍ਰਧਾਨ ਕਮਲ ਸਿੰਘ ਧਾਲੀਵਾਲ ਅਤੇ ਚਮਨ ਸਿੰਘ ਸਿੱਧੂ ਦੇ ਵਿਸ਼ੇਸ਼ ਯਤਨਾਂ ਸਦਕਾ ਲਗਾਇਆ ਗਿਆ, ਜਿਸ ਵਿਚ ਨੌਜਵਾਨਾਂ ਅਤੇ ਇਲਾਕਾ ਨਿਵਾਸੀਆਂ ਨੇ ਭਾਰੀ ਉਤਸ਼ਾਹ ਦਿਖਾਇਆ | ਕੈਂਪ ਦੌਰਾਨ ਭਾਈ ਘਨ੍ਹੱਈਆ ਜੀ ਸੇਵਾ ਸਿਮਰਨ ਸੁਸਾਇਟੀ ਬਲੱਡ ਬੈਂਕ ਦੀ ਮਾਹਿਰ ਟੀਮ ਵਲੋਂ ਖ਼ੂਨ ਇਕੱਤਰ ਕਰਨ ਦੀ ਸੇਵਾ ਨਿਭਾਈ ਗਈ | ਖ਼ੂਨਦਾਨੀਆਂ ਦੇ ਉਤਸ਼ਾਹ ਸਦਕਾ ਕੁੱਲ 150 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਕੈਂਪ ਦੌਰਾਨ ਸਿਮਰਜੀਤ ਸਿੰਘ ਬੈਂਸ, ਕਾਂਗਰਸ ਦੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਅਤੇ 'ਵਾਰਿਸ ਪੰਜਾਬ ਦੇ' ਹਲਕਾ ਬਟਾਲਾ ਤੋਂ ਇੰਚਾਰਜ ਪਿ੍ਥੀਪਾਲ ਸਿੰਘ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਜਿੰਨ੍ਹਾਂ ਖ਼ੂਨਦਾਨ ਕਰਨ ਵਾਲੇ ਦਾਨੀ ਸੱਜਣਾਂ ਅਤੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਖ਼ੂਨਦਾਨ ਮਹਾਨ ਦਾਨ ਹੈ ਅਤੇ ਸਾਡੇ ਵਲੋਂ ਦਾਨ ਦਿੱਤੀ ਖ਼ੂਨ ਦੀ ਇਕ-ਇਕ ਬੂੰਦ ਕਿਸੇ ਲੋੜਵੰਦ ਵਿਅਕਤੀ ਦੀ ਕੀਮਤੀ ਜਾਨ ਨੂੰ ਬਚਾ ਸਕਦੀ ਹੈ | ਇਸ ਲਈ ਸਾਨੂੰ ਇਸ ਸਾਂਝੇ ਕਾਰਜ ਵਿਚ ਪਹਿਲ ਦੇ ਅਧਾਰ ਦੇ ਸਹਿਯੋਗ ਦੇਣਾ ਚਾਹੀਦਾ ਹੈ | ਇਸ ਮੌਕੇ ਕਮਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿੰਡ ਗੋਬਿੰਦਗੜ੍ਹ ਵਿਚ ਇਹ ਪਹਿਲਾ ਖ਼ੂਨਦਾਨ ਕੈਂਪ ਸੀ ਅਤੇ ਭਵਿੱਖ ਵਿੱਚ ਵੀ ਅਜਿਹੇ ਸਮਾਜ ਸੇਵੀ ਕਾਰਜ ਜਾਰੀ ਰਹਿਣਗੇ | ਕੈਂਪ ਦੇ ਅਖੀਰ ਵਿਚ ਪਹੁੰਚੀ ਹੋਈ ਬਲੱਡ ਬੈਂਕ ਦੀ ਟੀਮ ਅਤੇ ਖ਼ੂਨਦਾਨੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਯੂਥ ਅਕਾਲੀ ਦਲ ਦੇ ਮੁੱਖ ਬੁਲਾਰਾ ਪ੍ਰਭਜੋਤ ਸਿੰਘ ਧਾਲੀਵਾਲ, ਹਰਜੀਤ ਸਿੰਘ ਕਾਲਾ ਗੋਬਿੰਦਗੜ੍ਹ, ਮਨਦੀਪ ਸਿੰਘ ਸਿੱਧੂ, ਸਰਪੰਚ ਜਗਜੀਤ ਸਿੰਘ ਗੋਬਿੰਦਗੜ੍ਹ, ਸਰਬਜੀਤ ਸਿੰਘ ਸੂਮਲ, ਗਿਆਨ ਸਿੰਘ ਸੂਮਲ, ਹਰਪ੍ਰੀਤ ਸਿੰਘ ਹੈਪੀ, ਰਾਜਦੀਪ ਸਿੰਘ ਸਿੱਧੂ, ਲਛਮਣ ਸਿੰਘ, ਜੁਗਰਾਜ ਸਿੰਘ, ਇਕਬਾਲ ਸਿੰਘ ਆਦਿ ਹਾਜ਼ਰ ਸਨ |