ਹਠੂਰ, 15 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਪਿੰਡ ਦੇਹੜਕਾ ਵਿਖੇ ਅੱਜ ਉਸ ਸਮੇਂ ਦੁਖਦਾਈ ਘਟਨਾ ਵਾਪਰੀ, ਜਦ ਇਕ ਵਿਅਕਤੀ ਪਿਉ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਦਮ ਤੋੜ ਗਿਆ | ਇਸ ਸਬੰਧੀ ਗੁਰਦੁਆਰਾ ਸ਼ਹੀਦ ਬਾਬਾ ਹਾਕਮ ਸਿੰਘ ਦੇ ਅਸਥਾਨ ਪਿੰਡ ਦੇਹੜਕਾ ਦੇ ਮੁਖੀ ਬਾਬਾ ਬਲਵਿੰਦਰ ਸਿੰਘ ਨੇ 'ਅਜੀਤ' ਨੂੰ ਦੱਸਿਆ ਕਿ ਜੱਥੇਦਾਰ ਹਰਬੰਸ ਸਿੰਘ ਸਿੱਧੂ (91) ਸਾਲ ਅੱਜ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਦੇ ਮਨਾਏ ਜਾ ਰਹੇ ਸਮਾਗਮਾਂ 'ਚ ਸੇਵਾ ਕਰ ਰਹੇ ਸਨ ਅਤੇ ਸਮਾਗਮਾਂ ਦੀ ਸਮਾਪਤੀ ਉਪਰੰਤ ਜਿਉਂ ਹੀ ਉਹ ਅਸਥਾਨ ਦੇ ਬਾਹਰ ਆਪਣੇ ਪੁੱਤਰ ਜਗਰੂਪ ਸਿੰਘ (65) ਨਾਲ ਸਕੂਟਰ 'ਤੇ ਬੈਠ ਕੇ ਘਰ ਨੂੰ ਰਵਾਨਾ ਹੋਣ ਲੱਗੇ ਤਾਂ ਅਚਾਨਕ ਡਿੱਗ ਪਏ ਅਤੇ ਮੌਕੇ 'ਤੇ ਹੀ ਮੌਤ ਹੋ ਗਈ | ਜਿਨ੍ਹਾਂ ਨੂੰ ਸੇਵਾਦਾਰਾਂ ਤੇ ਉਨ੍ਹਾਂ ਨੇ ਤੁਰੰਤ ਚੁੱਕ ਕੇ ਮੰਜੇ 'ਤੇ ਪਾਇਆ ਅਤੇ ਮੁੱਢਲੀ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਉਨ੍ਹਾਂ ਦਾ ਪੁੱਤਰ ਜਗਰੂਪ ਸਿੰਘ ਵੀ ਘਬਰਾਕੇ ਡਿੱਗ ਪਿਆ | ਮੌਕੇ 'ਤੇ ਤੁਰੰਤ ਐਬੈਂਲੈਂਸ ਬੁਲਾਈ ਪਰ ਰਸਤੇ 'ਚ ਹੀ ਜਗਰੂਪ ਸਿੰਘ ਵੀ ਦਮ ਤੋੜ ਗਿਆ | ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਥੇਦਾਰ ਹਰਬੰਸ ਸਿੰਘ ਅੰਮਿ੍ਤਧਾਰੀ ਸਨ ਅਤੇ ਇਸ ਅਸਥਾਨ ਨਾਲ ਉਹ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ ਅਤੇ ਅੱਜ ਵੀ ਉਹ ਦੋਵੇਂ ਪਿਉ-ਪੁੱਤ ਸਮਾਗਮਾਂ ਦੀ ਸਮਾਪਤੀ ਤੱਕ ਸੇਵਾ 'ਚ ਹਾਜ਼ਰ ਸਨ | ਉਨ੍ਹਾਂ ਇਹ ਵੀ ਦੱਸਿਆ ਕਿ ਜਗਰੂਪ ਸਿੰਘ ਦਾ ਆਪਣੇ ਪਿਤਾ ਜਥੇਦਾਰ ਹਰਬੰਸ ਸਿੰਘ ਨਾਲ ਅਥਾਹ-ਲਗਾਵ ਸੀ ਅਤੇ ਹਰ ਸਮੇਂ ਉਸ ਦੀ ਸੇਵਾ 'ਚ ਹਾਜ਼ਰ ਰਹਿੰਦਾ ਸੀ | ਜਿਸ ਕਰਕੇ ਅੱਜ ਉਹ ਆਪਣੇ ਪਿਤਾ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਕੁਝ ਮਿੰਟਾਂ ਬਾਅਦ ਹੀ ਆਪਣੇ ਪਿਤਾ ਨਾਲ ਹੀ ਅਕਾਲ ਚਲਾਣਾ ਕਰ ਗਿਆ | ਉਨ੍ਹਾਂ ਦੇ ਮਿ੍ਤਕ ਸਰੀਰਾਂ ਦਾ ਉਨ੍ਹਾਂ ਦੇ ਵਿਦੇਸ਼ ਰਹਿੰਦੇ ਪਰਿਵਾਰਿਕ ਮੈਂਬਰਾਂ ਦੇ ਆਉਣ ਤੋਂ ਬਾਅਦ ਸਸਕਾਰ ਕੀਤਾ ਜਾਵੇਗਾ |