ਮੁੱਲਾਂਪੁਰ-ਦਾਖਾ/ਗੁਰੂਸਰ ਸੁਧਾਰ, 17 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਲੋਂ ਬਿਜਲੀ ਕਾਮਿਆਂ ਦੀਆਂ ਹੱਕੀ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਪਾਵਰਕਾਮ ਦੇ ਉਪ ਮੰਡਲ ਬੁਢੇਲ (ਸੁਧਾਰ) ਵਿਖੇ ਪੀ.ਐੱਸ.ਈ.ਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਵਲੋਂ ਗੇਟ ਰੈਲੀ ਉਪਰੰਤ ਬਿਜਲੀ ਮੰਤਰੀ ਸੰਜੀਵ ਅਰੋੜਾ ਦਾ ਪੁਤਲਾ ਜਲਾਇਆ ਗਿਆ | ਸਬ ਡਵੀਜਨ ਪ੍ਰਧਾਨ ਦਰਸ਼ਪ੍ਰੀਤ ਸਿੰਘ ਦੀ ਅਗਵਾਈ ਹੇਠ ਗੇਟ ਰੈਲੀ ਸਮੇਂ ਮੁਲਾਜ਼ਮਾਂ ਨੂੰ ਸੰਬੋਧਨ ਹੁੰਦਿਆਂ ਦਰਸ਼ਪ੍ਰੀਤ ਸਿੰਘ ਕਿਹਾ ਕਿ ਪੰਜਾਬ ਸਰਕਾਰ ਪਿਛਲੇ 4 ਵਰਿ੍ਹਆਂ ਤੋਂ ਬਿਜਲੀ ਕਾਮਿਆਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ-ਪਰੋਖੇ ਕਰ ਰਹੀ ਹੈ | ਕੱਚੇ ਮੁਲਾਜ਼ਮ ਪੱਕੇ ਨਹੀਂ ਹੋ ਰਹੇ, ਉਲਟਾ ਸਾਡੀ ਡਿਊਟੀ ਦਾ ਕੋਈ ਸਮਾਂ ਤੈਅ ਨਹੀਂ | ਉਨ੍ਹਾਂ ਕੇਂਦਰ ਸਰਕਾਰ ਵਲੋਂ ਮਜਦੂਰ ਪੱਖੀ 29 ਲੇਬਰ ਕਾਨੂੰਨ ਖਤਮ ਕਰਕੇ 4 ਲੇਬਰ ਕੋਡ ਦੀ ਵੀ ਨਿੰਦਾ ਕੀਤੀ | ਪੀ.ਐੱਸ.ਈ.ਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਦੇ ਮੀਤ ਪ੍ਰਧਾਨ ਮਨਜਿੰਦਰ ਸਿੰਘ, ਹੋਰਨਾਂ ਗੇਟ ਰੈਲੀ ਨੂੰ ਸੰਬੋਧਨ ਹੁੰਦਿਆਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ | ਬਿਜਲੀ ਮੁਲਾਜ਼ਮਾਂ ਦੀ ਗੇਟ ਰੈਲੀ ਵਿਚ ਭਰਾਤਰੀ ਭਾਈਚਾਰੇ ਵਜੋਂ ਬੀ.ਕੇ.ਯੂ (ਰਾਜੇਵਾਲ) ਦੇ ਬਲਾਕ ਪ੍ਰਧਾਨ ਰਣਵੀਰ ਸਿੰਘ ਉਚੇਚਾ ਪਹੁੰਚੇ | ਮੁਲਾਜ਼ਮਾਂ ਦੇ ਹਰ ਸੰਗਰਸ਼ 'ਚ ਸਾਥ ਦੇਣ ਦਾ ਵਿਸ਼ਵਾਸ ਪ੍ਰਗਟਾਇਆ | ਜੇ.ਈ. ਨਿਖਲ ਜੈਨ, ਜੇਈ ਨਵਨੀਤ ਤਿ੍ਪਾਠੀ, ਜਸਵੀਰ ਸਿੰਘ ਬਿੰਜਲ, ਕੈਸ਼ੀਅਰ ਹਰਜਿੰਦਰ ਸਿੰਘ, ਹਰਵਿੰਦਰਪਾਲ ਸਿੰਘ, ਅਰਵਿੰਦਰ ਸਿੰਘ, ਬਲਵਿੰਦਰ ਸਿੰਘ ਹੇਰਾਂ, ਕਮਲਜੀਤ ਸਿੰਘ, ਅਕਬਰ ਖਾਨ, ਪਵਨ ਕੁਮਾਰ, ਦਵਿੰਦਰ ਸਿੰਘ ਸੁਧਾਰ, ਅਮਨਦੀਪ ਸਿੰਘ, ਗੁਰਸੇਵਕ ਸਿੰਘ, ਦਲਜੀਤ ਸਿੰਘ, ਟੀ.ਐੱਸ.ਯੂ ਪ੍ਰਧਾਨ ਪ੍ਰਭਦੀਪ ਸਿੰਘ, ਸਮੇਤ ਹੋਰ ਬਿਜਲੀ ਮੁਲਾਜ਼ਮ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਪ੍ਰਤੀ ਪੱਖਪਾਤੀ ਰਵੱਈਏ ਦੀ ਨਿੰਦਾ ਕੀਤੀ | ਬੁਲਾਰਿਆਂ ਦੱਸਿਆ ਕਿ ਪੂਰੇ ਵਿਭਾਗ 'ਚ ਕੁੱਲ 75 ਹਜ਼ਾਰ ਸੈਕਸ਼ਨ ਅਸਾਮੀਆਂ 'ਤੇ ਕੇਵਲ ਕੇਵਲ 28 ਹਜ਼ਾਰ ਕਾਮੇ ਕੰਮ ਕਰ ਰਹੇ ਹਨ | ਹਾਦਸੇ ਦਾ ਸ਼ਿਕਾਰ ਬਿਜਲੀ ਕਾਮਿਆਂ ਨੂੰ ਤਤਕਾਲ ਸਹਾਇਤਾ ਦੀ ਥਾਂ ਵਾਧੂ ਅੜਚਣਾ ਵਿਚ ਰੱਖ ਕੇ ਸਹਾਇਤਾ ਫਾਈਲਾਂ ਵਿਚ ਲਟਕਾਇਆ ਜਾ ਰਿਹਾ | ਕੱਚੇ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਬਿਨਾਂ ਦੇਰੀ ਪੂਰੀ ਤਨਖਾਹ ਦਾ ਮਾਮਲਾ ਗੇਟ ਰੈਲੀ 'ਚ ਭਾਰੂ ਰਿਹਾ | ਗੇਟ ਰੈਲੀ ਉਪਰੰਤ ਸੀਨੀਅਰ-ਜੂਨੀਅਰ ਬਿਜਲੀ ਮੁਲਾਜ਼ਮਾਂ ਇਕੱਠੇ ਹੋ ਕੇ ਟੀ.ਐੱਸ.ਯੂ ਦੇ ਪ੍ਰਧਾਨ ਪ੍ਰਭਦੀਪ ਸਿੰਘ ਦੀ ਅਗਵਾਈ ਹੇਠ ਵਰਕ ਟੂ-ਰੂਲ ਦਾ ਨੋਟਿਸ ਐੱਸ.ਡੀ.ਓ ਸੁਧਾਰ ਨੂੰ ਦਿੱਤਾ ਗਿਆ |