ਰਾਏਕੋਟ 17 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ-ਰੂਪਾਪੱਤੀ ਰੋਡ 'ਤੇ ਸਥਿਤ ਖੇਤਾਂ ਵਿਚ ਅੱਜ ਬਿਜਲੀ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ 3 ਕਿਸਾਨਾਂ ਦੀ 12 ਏਕੜ ਦੇ ਕਰੀਬ ਕਣਕ ਦੀ ਫ਼ਸਲ ਸੜਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀੜਤ ਕਿਸਾਨਾਂ ਨੇ ਦੱਸਿਆ ਕਿ ਰਾਏਕੋਟ ਸ਼ਹਿਰ ਦੇ ਬਾਹਰਵਾਰ ਪਿੰਡ ਰੂਪਾਪੱਤੀ ਰੋਡ 'ਤੇ ਸਥਿਤ ਉਨਾਂ ਦੇ ਖੇਤਾਂ ਲਾਗਿਓ ਲੰਘਦੀ 24 ਘੰਟੇ ਵਾਲੀ ਬਿਜਲੀ ਸਪਲਾਈ ਦੀ ਸਵਿੱਚ ਤੋਂ ਅੱਜ ਅਚਾਨਕ ਪੈਦਾ ਹੋਈ ਸਪਾਰਕਿੰਗ ਕਾਰਨ ਉਨਾਂ ਦੇ ਖੇਤਾਂ ਵਿਚ ਖੜੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ ਅਤੇ ਹਵਾ ਕਾਰਨ ਉਸਨੇ ਚੰਦ ਮਿੰਟਾਂ ਵਿਚ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਆਲੇ-ਦੁਆਲੇ ਦੇ ਕਈ ਖੇਤਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਦਕਿ ਕਿਸਾਨਾਂ ਨੇ ਆਲੇ-ਦੁਆਲੇ ਦੇ ਵਸਨੀਕਾਂ ਦੀ ਮਦਦ ਨਾਲ ਅੱਗ ਨੂੰ ਬੁਝਾਇਆ ਅਤੇ ਕਈ ਵਾਰ ਫ਼ੋਨ ਕਰਨ ਦੇ ਬਾਅਦ ਫਾਇਰ ਬਿ੍ਗੇਡ ਦੀ ਗੱਡੀ ਵੀ ਅੱਗ ਬੁਝਾਉਣ ਦੇ ਬਾਅਦ ਆਈ | ਇਸ ਦੌਰਾਨ 3-4 ਕਿਸਾਨਾਂ ਦੀ 12 ਏਕੜ ਦੇ ਕਰੀਬ ਕਣਕ ਦੀ ਫ਼ਸਲ ਸੜ ਗਈ, ਜਿੰਨਾਂ ਵਿਚ ਕਿਸਾਨ ਕਾਲਾ ਜਲਾਲਦੀਵਾਲ ਦੇ 5 ਏਕੜ, ਹਰਬੰਸ ਸਿੰਘ ਰਾਏਕੋਟ ਦੇ 4 ਏਕੜ, ਦਰਸ਼ਨ ਸਿੰਘ ਰਾਏਕੋਟ ਦੇ 2 ਏਕੜ ਆਦਿ ਕਿਸਾਨਾਂ ਦੀ ਫ਼ਸਲ ਸ਼ਾਮਿਲ ਹੈ | ਇਸ ਮੌਕੇ ਕਿਸਾਨਾਂ ਨੇ ਦੋਸ਼ ਲਗਾਇਆ ਕਿ 24 ਘੰਟੇ ਵਾਲੀ ਬਿਜਲੀ ਸਪਲਾਈ ਦੀ ਸਵਿੱਚ ਤੋਂ ਹਰ ਸਾਲ ਉਨਾਂ ਦੇ ਖੇਤਾਂ ਵਿਚ ਫ਼ਸਲ ਨੂੰ ਅੱਗ ਲੱਗਦੀ ਹੈ ਪਰ ਬਿਜਲੀ ਬੋਰਡ ਤੇ ਰਾਏਕੋਟ ਪ੍ਰਸ਼ਾਸਨ ਵਲੋਂ ਇਸ ਘਟਨਾ ਨੂੰ ਰੋਕਣ ਲਈ ਕੋਈ ਵੀ ਠੋਸ ਉਪਰਾਲਾ ਨਹੀਂ ਕੀਤਾ ਜਾਂਦਾ, ਉੱਥੇ ਹੀ ਖੇਤਾਂ ਲਾਗਿਓ ਲੰਘਦੇ ਸੂਏ ਵਿਚ ਵੀ ਨਹਿਰੀ ਵਿਭਾਗ ਵਲੋਂ ਪਾਣੀ ਨਹੀਂ ਛੱਡਿਆ ਗਿਆ ਤਾਂ ਜੋ ਅਚਾਨਕ ਇਸ ਤਰਾਂ ਦੀ ਮੰਦਭਾਗੀ ਘਟਨਾ ਵਾਪਰਨ ਸਮੇਂ ਸੂਏ ਦੇ ਪਾਣੀ ਨੂੰ ਵਰਤਿਆ ਜਾ ਸਕੇ | ਇਸ ਮੌਕੇ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ |