ਗੁਰੂਸਰ ਸੁਧਾਰ, 20 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਸੂਬੇ ਭਰ ਵਿਚ ਪਿਛਲੇ ਦਿਨਾਂ ਤੋਂ ਲੱਗ ਰਹੇ ਬਿਜਲੀ ਦੇ ਘੰਟਿਆਂ ਬੱਧੀ ਕੱਟਾਂ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਦੀ ਅਗਵਾਈ ਹੇਠ ਸੈਂਕੜੇ ਤੋਂ ਵਧੇਰੇ ਕਿਸਾਨਾਂ ਤੇ ਆਮ ਲੋਕਾਂ ਵਲੋਂ ਉੱਪ ਮੰਡਲ ਸੁਧਾਰ ਗਰਿੱਡ ਦੇ ਸਾਹਮਣੇ ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਧਰਨਾ ਦਿੱਤਾ ਗਿਆ ਤੇ ਕਰੀਬ ਇਕ ਘੰਟਾ ਆਵਾਜਾਈ ਬੰਦ ਰੱਖੀ ਗਈ | ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਨੇ ਕਿਹਾ ਕਿ ਬਿਜਲੀ ਨਾ ਆਉਣ ਕਾਰਨ ਕਿਸਾਨਾਂ ਸਮੇਤ ਦੁਕਾਨਦਾਰ, ਆਮ ਲੋਕ ਤੇ ਹਰ ਵਰਗ ਪ੍ਰੇਸ਼ਾਨ ਹੈ ਤੇ ਨਿਰਵਿਘਨ ਸਪਲਾਈ ਨਾ ਆਉਣ ਕਾਰਨ ਸਭਨਾਂ ਦਾ ਆਪਣੇ ਆਪਣੇ ਪੱਖ ਤੋਂ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਅੱਜ ਦੇ ਧਰਨੇ ਉਪਰੰਤ ਵੀ ਬਿਜਲੀ ਸਪਲਾਈ ਦਾ ਇਹੀ ਮੰਦਾ ਹਾਲ ਰਿਹਾ ਤਾਂ ਜਥੇਬੰਦੀ ਇਸ ਤੋਂ ਵੀ ਸਖ਼ਤ ਰੁਖ ਅਖਤਿਆਰ ਕਰੇਗੀ | ਪ੍ਰਧਾਨ ਢੱਟ ਤੋਂ ਬਿਨਾਂ ਜਥੇਬੰਦੀ ਦੇ ਨਰਿੰਦਰ ਚਾਹਲ ਸਹੌਲੀ, ਯੂਥ ਆਗੂ ਤੇ ਸੰਮਤੀ ਮੈਂਬਰ ਗੁਰਮੁਖ ਸਿੰਘ ਘੁਮਾਣ ਆਦਿ ਬੁਲਾਰਿਆਂ ਵਲੋਂ ਵੀ ਸੰਬੋਧਨ ਕੀਤਾ ਗਿਆ | ਜਥੇਬੰਦੀ ਪਾਸੋਂ ਮੰਗ ਪੱਤਰ ਲੈਂਦਿਆਂ ਐਕਸੀਅਨ ਮੁੱਲਾਂਪੁਰ ਰਵੀ ਚੋਪੜਾ ਨੇ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿਚ ਬਿਜਲੀ ਦੀ ਸਪਲਾਈ ਨਿਰਵਿਘਨ ਜਾਰੀ ਰੱਖਣ ਤੇ ਕੱਟਾਂ ਤੋਂ ਬਚਾਅ ਲਈ ਪਾਵਰਕਾਮ ਸੰਜੀਦਾ ਯਤਨ ਕਰੇਗੀ | ਪ੍ਰਧਾਨ ਢੱਟ ਨੇ ਇਸ ਮੌਕੇ ਪੁਲਿਸ, ਪ੍ਰਸ਼ਾਸਨ ਵਿਰੁੱਧ ਵੀ ਗਿਲਾ ਪ੍ਰਗਟ ਕਰਦਿਆਂ ਕਿਹਾ ਕਿ ਲੋਕਾਂ ਦੇ ਸਹੀ ਕੰਮਾਂ ਨੂੰ ਵੀ ਸਮੇਂ ਸਿਰ ਨਹੀਂ ਕੀਤਾ ਜਾਂਦਾ | ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਐਕਸੀਅਨ ਰਵੀ ਚੋਪੜਾ ਤੋਂ ਬਿਨਾਂ ਐੱਸ.ਪੀ. ਹੈੱਡਕੁਆਰਟਰ ਰਮਨਿੰਦਰ ਸਿੰਘ ਦਿਓਲ, ਡੀ.ਐੱਸ.ਪੀ. ਸ਼ਿਵਕੰਵਲ ਸਿੰਘ ਜਗਰਾਉਂ (ਸੀ.ਏ.ਡਬਲਿਊ.), ਥਾਣਾ ਮੁਖੀ ਸੁਧਾਰ ਇੰਸਪੈਕਟਰ ਗੁਰਦੀਪ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਰਹੇ | ਆਵਾਜਾਈ ਠੱਪ ਰਹਿਣ ਤੱਕ ਪੁਲਿਸ ਵਲੋਂ ਰਾਜਮਾਰਗ 'ਤੇ ਆਉਣ ਵਾਲੇ ਟ੍ਰੈਫ਼ਿਕ ਨੂੰ ਵੱਖ-ਵੱਖ ਪਿੰਡਾਂ ਰਾਹੀਂ ਡਾਈਵਰਟ ਕੀਤਾ ਗਿਆ | ਇਸ ਮੌਕੇ ਪ੍ਰਧਾਨ ਜਸਪ੍ਰੀਤ ਸਿੰਘ ਢੱਟ, ਮੁੱਖ ਬੁਲਾਰਾ ਨਰਿੰਦਰ ਸਿੰਘ ਚਾਹਲ, ਗੁਰਮੁਖ ਸਿੰਘ ਘੁਮਾਣ, ਤੇਜਿੰਦਰ ਸਿੰਘ ਹੇਰਾਂ, ਤੇਜਪਾਲ ਸਿੰਘ ਸਹੌਲੀ, ਯਾਦਵਿੰਦਰ ਸਿੰਘ ਘੁਮਾਣ, ਜਗਤਾਰ ਸਿੰਘ ਬੱਬੀ ਪ੍ਰਧਾਨ ਸੁਧਾਰ, ਗੋਪੀ ਢੱਟ, ਪ੍ਰਧਾਨ ਜਤਿੰਦਰਜੀਤ ਤਿੰਦੀ, ਜਗਪਾਲ ਸਿੰਘ ਸਹੌਲੀ, ਸਾਬਕਾ ਸਰਪੰਚ ਜਸਪਾਲ ਸਿੰਘ, ਬਰਿੰਦਰ ਸੰਘੇੜਾ, ਤਜਿੰਦਰ ਰਾਜਾ ਬੱਸੀਆਂ, ਗਾਂਧੀ ਲੁਧਿਆਣਾ, ਹਰਮਨ ਢੱਟ, ਹਰਮਨਦੀਪ ਸਿੰਘ ਨੱਤ, ਬੰਟੀ ਐਤੀਆਣਾ, ਬੰਟੀ ਅਕਾਲਗੜ੍ਹ, ਅਵਤਾਰ ਸਿੰਘ ਲੀਲ, ਜੀਤਾ ਔਲਖ, ਦੀਪੀ ਹੇਰਾਂ, ਗੁਰਮੇਲ ਸਿੰਘ ਸਰਪੰਚ, ਹਰਪਿੰਦਰ ਸਿੰਘ ਪਿੰਦੂ ਸਮੇਤ ਜਥੇਬੰਦੀ ਦੇ ਹੋਰ ਆਗੂ, ਵਰਕਰ ਹਾਜ਼ਰ ਸਨ |
ਬਿਜਲੀ ਕੱਟਾਂ ਖ਼ਿਲਾਫ਼ ਭਾਕਿਯੂ ਦੁਆਬਾ ਵਲੋਂ ਪ੍ਰਧਾਨ ਢੱਟ ਦੀ ਅਗਵਾਈ 'ਚ ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਧਰਨਾ
ਅਜੀਤ ਡੈਸਕ
21-04-2026