ਸਿੱਧਵਾਂ ਬੇਟ, 21 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅੱਜ ਪਾਵਰਕਾਮ ਸਿੱਧਵਾਂ ਬੇਟ ਦੇ ਸਹਾਇਕ ਕਾਰਜਕਾਰੀ ਇੰਜ. ਗੁਰਵਿੰਦਰ ਸਿੰਘ ਨਾਲ ਮੀਟਿੰਗ ਕਰਕੇ ਮੰਗ ਕੀਤੀ ਕਿ ਸਵੇਰ ਸਮੇਂ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾਵੇ | ਘਰੇਲੂ ਬਿਜਲੀ ਸਪਲਾਈ 'ਤੇ ਵਾਰ-ਵਾਰ ਲਗਾਏ ਜਾਣ ਵਾਲੇ ਕੱਟ ਤੁਰੰਤ ਬੰਦ ਕੀਤੇ ਜਾਣ | ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਸਲਾਹ ਦਿੱਤੀ ਕਿ ਅੱਗੇ ਝੋਨੇ ਦਾ ਸੀਜ਼ਨ ਆ ਰਿਹਾ ਹੈ, ਜਦਕਿ ਸਿੱਧਵਾਂ ਬੇਟ ਦੇ ਦਫ਼ਤਰ ਵਿਚ ਕਈ ਅਸਾਮੀਆਂ ਖ਼ਾਲੀ ਪਈਆਂ ਹਨ, ਜਿੰਨ੍ਹਾਂ ਨੂੰ ਭਰ ਕੇ ਬਿਜਲੀ ਖ਼ਪਤਕਾਰਾਂ ਨੂੰ ਰਾਹਤ ਦਿੱਤੀ ਜਾਵੇ | ਬਲਾਕ ਆਗੂ ਦਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਐੱਸ.ਡੀ.ਓ. ਨੇ ਵਿਸ਼ਵਾਸ ਦਿਵਾਇਆ ਕਿ ਕਣਕ ਦੀ ਕਟਾਈ ਨੂੰ ਲੈ ਕੇ ਜੋ ਕੱਟ ਲਗਾਏ ਜਾ ਰਹੇ ਹਨ ਉਹ ਜਲਦੀ ਖ਼ਤਮ ਹੋ ਜਾਣਗੇ ਅਤੇ ਝੋਨੇ ਦੀ ਲਵਾਈ ਸਮੇਂ ਵੀ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ |