12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

'ਅੱਜ ਵਿਸ਼ਵ ਧਰਤੀ ਦਿਵਸ 'ਤੇ ਵਿਸ਼ੇਸ਼' ਧਰਤੀ ਤੇ ਵਾਤਾਵਰਨ ਨੂੰ ਬਚਾਉਣ ਲਈ ਪਲਾਸਟਿਕ ਦੀ ਵਰਤੋਂ 'ਤੇ ਸਖ਼ਤੀ ਨਾਲ ਰੋਕ ਲਗਾਈ ਜਾਵੇ

Ad Position 21
No active advertisement
ਅਜੀਤ ਡੈਸਕ 22-04-2026
ਜਗਰਾਉਂ-ਭਾਰਤ ਵਿਚ ਵੀ ਬਾਕੀ ਦੇਸ਼ਾਂ ਵਾਂਗ ਹਰ ਸਾਲ 22 ਅਪ੍ਰੈਲ ਨੂੰ ਵਿਸ਼ਵ ਧਰਤੀ ਦਿਵਸ ਮਨਾਇਆ ਜਾਂਦਾ ਹੈ | ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰਨਾ ਹੁੰਦਾ ਹੈ | ਜਲਵਾਯੂ ਤਬਦੀਲੀ ਤੇ ਹੋਰ ਖਤਰਿਆਂ ਤੋਂ ਬਚਾਉਣ ਲਈ ਆਮ ਜਨਤਾ ਨੂੰ ਸੁਚੇਤ ਕਰਨਾ ਹੁੰਦਾ ਹੈ | ਧਰਤੀ ਦਿਵਸ ਮਨਾਉਣ ਦੀ ਸ਼ੁਰੂਆਤ ਯੂਨੈਸਕੋ ਦੀ ਸਾਨ ਫਰਾਂਸਿਸਕੋ ਵਿਚ ਇਕ ਕਾਨਫ਼ਰੰਸ ਦੌਰਾਨ 1969 ਨੂੰ ਹੋਈ ਸੀ | ਪਹਿਲਾ ਧਰਤੀ ਦਿਵਸ 22 ਅਪ੍ਰੈਲ 1970 ਨੂੰ ਮਨਾਇਆ ਗਿਆ ਸੀ | ਇਸ ਦਿਨ ਨੂੰ ਮਨਾਉਣ ਲਈ ਹਰ ਸਾਲ ਇਕ ਥੀਮ ਦਿੱਤਾ ਜਾਂਦਾ ਸੀ | ਜਿਸ 'ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਸੀ | ਇਹ ਸਾਲ 2026 ਦਾ ਥੀਮ ਹੈ (ਅਵਰ ਪਲੈਨਟ ਅਵਰ ਪਾਵਰ) ਭਾਵ ਸਾਡਾ ਗ੍ਰਹਿ ਸਾਡੀ ਸ਼ਕਤੀ ਹੈ | ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਪੁਜੀ ਸਾਹਿਬ ਬਾਣੀ ਵਿਚ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੈ | ਇਸ ਧਰਤੀ 'ਤੇ ਮਨੁੱਖ ਤੋਂ ਇਲਾਵਾ ਹੋਰ ਵੀ ਪ੍ਰਜਾਤੀਆਂ ਵਸਦੀਆਂ ਹਨ | ਸਮੁੰਦਰਾਂ, ਦਰਿਆਵਾਂ, ਨਹਿਰਾਂ, ਟੋਬਿਆਂ ਵਿਚ ਕਈ ਜੀਵਾਂ ਦਾ ਵਾਸਾ ਹੁੰਦਾ ਹੈ | ਧਰਤੀ 'ਤੇ ਕੇਵਲ ਮਨੁੱਖ ਜਾਤੀ ਦਾ ਹੀ ਹੱਕ ਨਹੀਂ, ਹੋਰ ਜੀਵਾਂ ਦੇ ਰਹਿਣ ਦਾ ਵੀ ਹੱਕ ਹੈ | ਇਕ ਪਾਸੇ ਪਲਾਸਟਿਕ ਦੀ ਖੋਜ ਨੇ ਜਿੱਥੇ ਸਾਡੀ ਜ਼ਿੰਦਗੀ ਨੂੰ ਸੁਖਾਲਾ ਤੇ ਆਸਾਨ ਕੀਤਾ ਹੈ | ਦੂਜੇ ਪਾਸੇ ਇਹ ਪਲਾਸਟਿਕ ਸਾਡੇ ਵਾਤਾਵਰਨ ਸਮੁੰਦਰੀ ਜੀਵਨ ਅਤੇ ਮਨੁੱਖੀ ਸਿਹਤ ਲਈ ਇਕ ਗੰਭੀਰ ਖਤਰਾ ਬਣ ਗਿਆ ਹੈ | ਭਾਰਤ 'ਚ ਪ੍ਰਤੀ ਵਿਅਕਤੀ ਪਲਾਸਟਿਕ ਦੀ ਸਾਲਾਨਾ ਖਪਤ 11 ਕਿਲੋਗ੍ਰਾਮ ਤੱਕ ਪੁੱਜ ਗਈ ਹੈ | ਸਾਡਾ ਉਦੇਸ਼ ਹੋਵੇਗਾ ਕਿ ਪਲਾਸਟਿਕ ਦੀ ਖਪਤ ਨੂੰ ਕਿਸ ਤਰ੍ਹਾਂ ਘਟਾਇਆ ਜਾਵੇ | ਇਸ ਪ੍ਰਤੀ ਸਾਨੂੰ ਆਪਣੀ ਜੀਵਨ ਸ਼ੈਲੀ ਬਦਲਣੀ ਪਵੇਗੀ | ਪਲਾਸਟਿਕ ਦੀਆਂ ਬੋਤਲਾਂ 'ਚ ਪਾਣੀ ਪੀਣ ਦੀ ਆਦਤ ਛੱਡਣੀ ਪਵੇਗੀ | ਬਾਜ਼ਾਰ ਜਾਣ ਸਮੇਂ ਘਰੋਂ ਕੱਪੜੇ ਦਾ ਬਣਿਆ ਥੈਲਾ ਚੁੱਕਣਾ ਪਵੇਗਾ | ਭਾਰਤ ਦੁਨੀਆਂ ਦੇ ਉਨ੍ਹਾਂ ਪੰਜ ਪ੍ਰਮੁੱਖ ਦੇਸ਼ਾਂ ਵਿਚ ਇਕ ਹੈ ਜੋ ਵੱਡੀ ਮਾਤਰਾ ਵਿਚ ਸਿੰਗਲ ਯੂਜ ਪਲਾਸਟਿਕ ਕੂੜਾ ਪੈਦਾ ਕਰਦਾ ਹੈ | ਭਾਰਤ ਸਰਕਾਰ ਨੇ 1 ਜੁਲਾਈ 2022 ਨੂੰ ਸਿੰਗਲ ਯੂਜ ਪਲਾਸਟਿਕ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ | ਮਿੱਟੀ ਵਿਚ ਦੱਬੇ ਪਲਾਸਟਿਕ ਕੂੜੇ ਦਾ ਵਿਘਟਨ ਹੁੰਦਾ ਹੈ ਤਾਂ ਪਲਾਸਟਿਕ ਦੇ ਜਹਰੀਲੇ ਕਣ ਵਾਤਾਵਰਨ ਵਿਚ ਦਾਖ਼ਲ ਹੋ ਜਾਂਦੇ ਹਨ | ਜਦੋਂ ਅਸੀਂ ਸਾਹ ਲੈਂਦੇ ਹਾਂ, ਭੋਜਨ ਖਾਂਦੇ ਹਾਂ ਜਾਂ ਪਾਣੀ ਪੀਂਦੇ ਹਾਂ, ਤਾਂ ਇਹ ਪਲਾਸਟਿਕ ਦੇ ਵਿਸ਼ੈਲੀ ਕਣ ਸਾਡੇ ਸਰੀਰ ਅੰਦਰ ਪ੍ਰਵੇਸ਼ ਕਰ ਜਾਂਦੇ ਹਨ | ਇਹ ਪਲਾਸਟਿਕ ਦੀ ਜ਼ਹਿਰੀਲੇ ਕਣ ਚਮੜੀ ਦੀ ਜਲਣ, ਐਂਡੋਕ੍ਰੀਨ ਸਿਸਟਮ ਵਿਚ ਵਿਗਾੜ ਪੈਦਾ ਕਰਦੇ ਹਨ | ਹਾਰਮੋਨ ਦੇ ਪੱਧਰ ਵਿਚ ਗੜਬੜ ਪੈਦਾ ਕਰਨਾ, ਪ੍ਰਜਨਨ ਸਬੰਧੀ ਦਿੱਕਤਾਂ, ਕੈਂਸਰ ਤੇ ਹੋਰ ਕਈ ਰੋਗਾਂ ਦਾ ਕਾਰਨ ਬਣ ਸਕਦੇ ਹਨ | ਮਿੱਟੀ ਵਿਚ ਦੱਬੇ ਪਲਾਸਟਿਕ ਦੇ ਟੁਕੜੇ ਬੀਜਾਂ ਨੂੰ ਪੁੰਗਰਨ ਨਹੀਂ ਦਿੰਦੇ | ਪੌਦੇ ਦੀਆਂ ਜੜ੍ਹਾਂ ਤੱਕ ਪਾਣੀ ਨਹੀਂ ਪਹੁੰਚਦਾ | ਪਲਾਸਟਿਕ ਸਾੜਨ ਨਾਲ ਇਕਸਨ ਫਿਊਰਨ ਅਤੇ ਹੋਰ ਜਹਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ਤੇ ਸਾਹ ਦੀ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ | ਪਲਾਸਟਿਕ ਸੈਂਕੜੇ ਸਾਲਾਂ ਤੱਕ ਵੀ ਨਹੀਂ ਗਲਦਾ | ਮਿੱਟੀ ਦੀ ਬਣਤਰ ਨੂੰ ਖਰਾਬ ਕਰਦਾ ਹੈ ਅਤੇ ਪਾਣੀ ਦੀ ਨਿਕਾਸ ਨੂੰ ਰੋਕਦਾ ਹੈ | ਪਲਾਸਟਿਕ ਦੇ ਬਰੀਕ ਟੁਕੜੇ ਖਾ-ਖਾ ਕੱਛੂਕੁਮੇ ਮਰ ਰਹੇ ਹਨ | ਮਾਈਕਰੋ ਪਲਾਸਟਿਕ, ਮੱਛੀਆਂ, ਸਮੁੰਦਰੀ ਪੰਛੀਆਂ ਤੇ ਕੋਰਲ ਰੀਫ ਤੱਕ ਪਹੁੰਚ ਚੁੱਕੇ ਹਨ | ਅਵਾਰਾ ਪਸ਼ੂ ਗਲੀਆਂ ਨਾਲੀਆਂ ਵਿਚ ਡਿੱਗੇ ਪਲਾਸਟਿਕ ਖਾ ਕੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ | -ਸ਼ਮਸ਼ੇਰ ਸਿੰਘ ਗਾਲਿਬ
Ad Position 22
No active advertisement
ਪਿਛਲੀ ਖ਼ਬਰ ਰਾਏਕੋਟ 'ਚ ਭਗਵਾਨ ਪਰਸ਼ੂਰਾਮ ਜੈਅੰਤੀ ਸ਼ਰਧਾ ਨਾਲ ਮਨਾਈ ਅਗਲੀ ਖ਼ਬਰ 'ਆਪ' ਸਰਕਾਰ ਦੇ ਕਣਕ ਖ਼ਰੀਦ ਪ੍ਰਬੰਧ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਏ-ਬਲਵਿੰਦਰ ਸੰਧੂ
Ad Position 24