ਮੁੱਲਾਂਪੁਰ-ਦਾਖਾ, 24 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਅਕਾਲੀ ਦਲ ਪੁਨਰ ਸੁਰਜੀਤੀ ਵਿਚਕਾਰ ਹੋਏ ਗਠਜੋੜ ਸਮੇਂ ਪੰਥਕ ਏਕਤਾ ਤਾਲਮੇਲ ਕਮੇਟੀ ਦੇ ਕਨਵੀਨਰ ਬਣੇ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ. ਦੀ ਨਵੀਂ ਨਿਯੁਕਤੀ ਦਾ ਭਰਵਾਂ ਸਵਾਗਤ ਹੋ ਰਿਹਾ | ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਦੇ ਬੇਹੱਦ ਕਰੀਬੀ ਸੇਖੋਂ ਪਰਿਵਾਰ ਸਰਪੰਚ ਦਾਖਾ ਜਗਜੀਤ ਸਿੰਘ ਭੋਲਾ, ਸਾਬਕਾ ਸਰਪੰਚ ਗੁਰਜੀਤ ਸਿੰਘ ਸੇਖੋਂ, ਹਲਕਾ ਦਾਖਾ 'ਚ ਬਲਾਕ ਸੰਮਤੀ ਚੇਅਰਪਰਸਨ ਦਲਜੀਤ ਕੌਰ ਪਮਾਲ, ਬਲਾਕ ਸੰਮਤੀ ਉੱਪ ਚੇਅਰਪਰਸਨ ਵੀਰਪਾਲ ਕੌਰ ਦਾਖਾ ਵਲੋਂ ਪੰਥਕ ਏਕਤਾ ਤਾਲਮੇਲ ਕਮੇਟੀ ਦੇ ਕਨਵੀਨਰ ਬਣੇ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ ਨੂੰ ਵਧਾਈ ਦਿੰਦਿਆਂ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਲੱਗੀ ਸੇਵਾ ਨੂੰ ਨਿਮਰਤਾ ਨਾਲ ਪੂਰੀ ਕਰਦਿਆਂ ਸਿੱਖਾਂ ਦੇ ਪੰਥਕ ਉਲਝੇ ਮਾਮਲਿਆਂ ਨੂੰ ਸੁਲਝਾਉਣ ਅਤੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਉਲਟ ਵਿਧਾਨ ਸਭਾ 'ਚ ਅਵਾਜ਼ ਬੁਲੰਦ ਕਰਨ ਵਾਲਾ ਮਨਪ੍ਰੀਤ ਸਿੰਘ ਇਯਾਲੀ ਸਿੱਖੀ ਸਿਧਾਂਤਾ 'ਤੇ ਪਹਿਰਾ ਦਿੰਦਿਆਂ ਸਿੱਖਾਂ ਦੀ ਤਰਜ਼ਮਾਨੀ ਵਾਲਾ ਆਗੂ ਹੈ | ਚੇਅਰਪਰਸਨ ਦਲਜੀਤ ਕੌਰ, ਉੱਪ ਚੇਅਰਪਰਸਨ ਵੀਰਪਾਲ ਕੌਰ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਅਤੇ ਪੰਥ ਦਾ ਭਲਾ ਚਾਹੁਣ ਵਾਲਿਆਂ ਦੀ ਪੰਥਕ ਏਕਤਾ ਤਾਲਮੇਲ ਕਮੇਟੀ ਆਗਾਮੀ ਚੋਣਾਂ 'ਚ ਰਾਜਨੀਤੀ ਦੇ ਨਵੇਂ ਦਿਸਹੱਦੇ ਸਿਰਜੇਗੀ | ਜਗਜੀਤ ਸਿੰਘ ਭੋਲਾ ਸਰਪੰਚ ਦਾਖਾ, ਗੁਰਜੀਤ ਸਿੰਘ ਸੇਖੋਂ ਸਾਬਕਾ ਸਰਪੰਚ ਨੇ ਦੱਸਿਆ ਕਿ ਚਾਲੂ ਮਹੀਨੇ ਕਿਸਾਨ-ਮਜ਼ਦੂਰ ਦਾ ਹਾੜ੍ਹੀ ਫ਼ਸਲ ਕਣਕ ਦੀ ਕਟਾਈ ਵਾਲਾ ਰੁਝੇਵਾਂ ਖ਼ਤਮ ਹੋਣ ਵਾਲਾ, ਮਈ ਮਹੀਨੇ ਇਕ ਵਿਸ਼ੇਸ਼ ਸਮਾਰੋਹ 'ਚ ਅਹਿਮ ਸ਼ਖ਼ਸੀਅਤ ਮਨਪ੍ਰੀਤ ਸਿੰਘ ਇਯਾਲੀ ਦਾ ਸਨਮਾਨ ਹੋਵੇਗਾ |