ਜਗਰਾਉਂ, 24 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਦੀ ਲਾਪ੍ਰਵਾਹੀ ਅਤੇ ਪ੍ਰਸ਼ਾਸਨਿਕ ਗ਼ਲਤ ਨੀਤੀਆਂ ਦੇ ਖ਼ਿਲਾਫ਼ ਅੱਜ ਸਫ਼ਾਈ ਸੇਵਕਾਂ ਦਾ ਗੁੱਸਾ ਖੁੱਲ੍ਹ ਕੇ ਸਾਹਮਣੇ ਆ ਗਿਆ | ਮਿਊਾਸੀਪਲ ਐਕਟ ਦੇ ਸਪੱਸ਼ਟ ਨਿਯਮਾਂ ਦੇ ਬਾਵਜੂਦ ਸਫ਼ਾਈ ਸੇਵਕਾਂ ਤੋਂ ਸਫ਼ਾਈ ਦੀ ਥਾਂ ਦਫ਼ਤਰੀ ਕੰਮ ਲੈਣ ਦੇ ਮਾਮਲੇ ਨੇ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ | ਗੁੱਸੇ ਵਿਚ ਆਏ ਸਫ਼ਾਈ ਕਰਮਚਾਰੀਆਂ ਨੇ ਕੰਮ ਕਾਜ ਠੱਪ ਕਰਦੇ ਹੋਏ ਨਗਰ ਕੌਂਸਲ ਦਫ਼ਤਰ ਅੰਦਰ ਧਰਨਾ ਦੇ ਦਿੱਤਾ | ਜਾਣਕਾਰੀ ਮੁਤਾਬਕ ਕਈ ਰਾਜਨੀਤਿਕ ਆਗੂਆਂ ਦੀ ਸਿਫ਼ਾਰਸ਼ 'ਤੇ ਆਪਣੇ ਚਹੇਤੇ ਸਫ਼ਾਈ ਕਰਮਚਾਰੀਆਂ ਨੂੰ ਦਫ਼ਤਰੀ ਡਿਊਟੀਆਂ 'ਤੇ ਲਾਇਆ ਗਿਆ ਹੈ, ਜਦਕਿ ਉਨ੍ਹਾਂ ਤੋਂ ਮੈਦਾਨੀ ਸਫ਼ਾਈ ਦਾ ਕੰਮ ਨਹੀਂ ਲਿਆ ਜਾ ਰਿਹਾ | ਕਰੀਬ ਪੰਜ ਕਰਮਚਾਰੀ ਨਗਰ ਕੌਂਸਲ ਜਗਰਾਉਂ ਦਫ਼ਤਰ ਵਿਚ ਬੈਠੇ ਹਨ, ਜਿਸ ਦਾ ਸਿੱਧਾ ਅਸਰ ਇਹ ਹੋਇਆ ਕਿ ਬਾਕੀ ਸਫ਼ਾਈ ਸੇਵਕਾਂ 'ਤੇ ਕੰਮ ਦਾ ਬੋਝ ਬੇਹੱਦ ਵੱਧ ਗਿਆ ਹੈ | ਇਸ ਅਨਿਆਂ ਕਾਰਨ ਨਾ ਸਿਰਫ਼ ਉਨ੍ਹਾਂ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੋ ਰਹੀ ਹੈ, ਸਗੋਂ ਮਾਨਸਿਕ ਤਣਾਅ ਵੀ ਵਧ ਰਿਹਾ ਹੈ | ਸਫ਼ਾਈ ਸੇਵਕ ਯੂਨੀਅਨ (ਪੰਜਾਬ ਬ੍ਰਾਂਚ, ਜਗਰਾਉਂ) ਨੇ ਇਸਨੂੰ ਸਾਫ਼ ਤੌਰ 'ਤੇ 'ਸਿਸਟਮੈਟਿਕ ਸ਼ੋਸ਼ਣ' ਕਰਾਰ ਦਿੰਦਿਆਂ ਸੰਘਰਸ਼ ਦਾ ਐਲਾਨ ਕੀਤਾ | ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਸਵੇਰੇ ਤੋਂ ਹੀ ਸੈਂਕੜਿਆਂ ਕਰਮਚਾਰੀਆਂ ਨੇ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ ਅਤੇ ਇਹ ਸਪੱਸ਼ਟ ਕਰ ਦਿੱਤਾ ਕਿ ਜਦ ਤੱਕ ਦਫ਼ਤਰਾਂ ਵਿਚ ਬੈਠੇ ਸਫਾਈ ਕਰਮਚਾਰੀਆਂ ਨੂੰ ਮੈਦਾਨ ਵਿਚ ਵਾਪਿਸ ਨਹੀਂ ਭੇਜਿਆ ਜਾਂਦਾ, ਇਹ ਸੰਘਰਸ਼ ਰੁਕਣ ਵਾਲਾ ਨਹੀਂ | ਸ਼ਹਿਰ ਵਿਚ ਪਹਿਲਾਂ ਹੀ ਕੂੜੇ ਦੇ ਢੇਰ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾਉਂਦੇ ਪਏ ਹਨ ਅਤੇ ਹੁਣ ਸਫ਼ਾਈ ਸੇਵਕਾਂ ਦੀ ਹੜਤਾਲ ਨਾਲ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ | ਲੋਕਾਂ ਵਿਚ ਰੋਸ ਵਧਦਾ ਜਾ ਰਿਹਾ ਹੈ ਅਤੇ ਉਹ ਨਗਰ ਕੌਂਸਲ ਦੀ ਨਾਕਾਮੀ 'ਤੇ ਸਿੱਧੇ ਸਵਾਲ ਉਠਾ ਰਹੇ ਹਨ |