ਰਾਏਕੋਟ, 24 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਚਰਚਾ ਦਾ ਵਿਸ਼ਾ ਬਣੀ ਰਾਏਕੋਟ-ਜਗਰਾਉਂ ਰੋਡ ਜਿਸਦੇ ਨਿਰਮਾਣ ਕਾਰਜ ਦੌਰਾਨ ਘਟੀਆ ਮਟੀਰੀਅਲ ਵਰਤਣ ਦਾ ਉਸ ਸਮੇਂ ਖੁਲਾਸਾ ਹੋਇਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨੇ ਆਪਣੇ ਸਾਥੀਆਂ ਸਮੇਤ ਰੋਡ 'ਤੇ ਪੈਂਦੇ ਪਿੰਡ ਬਿੰਜਲ ਨਜ਼ਦੀਕ ਕੁਝ ਦਿਨ ਪਹਿਲਾਂ ਬਣਾਈ ਸੜਕ 'ਤੇ ਪਾਏ ਪ੍ਰੀਮਿਕਸ ਨੂੰ ਹੱਥ ਨਾਲ ਹੀ ਪੁੱਟ ਦਿੱਤਾ ਸੀ, ਜਦਕਿ ਕੁਝ ਦਿਨ ਪਹਿਲਾਂ ਬਣੀ ਸੜਕ ਦੇ ਉਖੜ ਰਹੇ ਖਲੇਪੜ ਦੇਖ ਕੇ ਲੋਕ ਹੈਰਾਨ ਹੋ ਗਏ ਸਨ | ਅੱਜ ਚੰਦ ਸਿੰਘ ਡੱਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦਿਹਾਤੀ ਨੇ ਮੁੜ ਇਸ ਨਿਰਮਾਣ ਕਾਰਜ ਦਾ ਮੀਡੀਆ ਦੀ ਮੌਜੂਦਗੀ ਵਿਚ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਲਈ ਵਿਭਾਗ ਵਲੋਂ ਕਰੋੜਾਂ ਰੁਪਏ ਜਾਰੀ ਕੀਤੇ ਗਏ ਸਨ ਪ੍ਰੰਤੂ ਫਿਰ ਵੀ ਡੇਹਲੋਂ-ਪੱਖੋਵਾਲ ਰੋਡ ਤੋਂ ਪੁਰਾਣੀ ਪੁੱਟੀ ਗਈ ਸੜਕ ਤੋਂ ਮਟੀਰੀਅਲ ਲਿਆ ਕੇ ਇੱਥੇ ਪਾਇਆ ਗਿਆ ਅਤੇ ਜਿਸ ਦਾ ਸਬੂਤ ਉਹ ਪੁੱਟੀ ਗਈ ਸੜਕ ਅਜੇ ਤੱਕ ਵੀ ਉਸੇ ਤਰ੍ਹਾਂ ਮੌਜੂਦ ਹੈ, ਜਿਸ ਦੀ ਵੀਡੀਓਗ੍ਰਾਫੀ ਉਨ੍ਹਾਂ ਵੱਲੋਂ ਪੱਤਰਕਾਰਾਂ ਰਾਹੀਂ ਕਰਵਾਈ ਗਈ ਹੈ | ਜਿਸ ਕਰਕੇ ਇਸ ਸੜਕ ਦੇ ਨਿਰਮਾਣ ਕਰਵਾਉਣ ਵਾਲੇ ਠੇਕੇਦਾਰ ਵਲੋਂ ਜਗਰਾਉਂ ਰੋਡ ਦਾ ਸੱਤਿਆਨਾਸ਼ ਕਰ ਦਿੱਤਾ ਗਿਆ ਹੈ, ਜੋ ਕੁਝ ਮਹੀਨਿਆਂ ਦੇ ਅੰਦਰ-ਅੰਦਰ ਬਰਸਾਤੀ ਮੌਸਮ ਦੌਰਾਨ ਹੀ ਖੇਰੂੰ-ਖੇਰੂੰ ਹੋ ਜਾਵੇਗੀ | ਜਿਸ ਕਰਕੇ ਲੋਕਾਂ ਦੇ ਟੈਕਸਾਂ ਰਾਹੀਂ ਇਕੱਠੇ ਕੀਤੇ ਕਰੋੜਾਂ ਰੁਪਏ ਦਾ ਨਿਰਮਾਣ ਕਾਰਜ ਖੂਹ-ਖਾਤੇ ਜਾ ਪਵੇਗਾ, ਜਿਸ ਦਾ ਖਮਿਆਜ਼ਾ ਰਾਏਕੋਟ-ਜਗਰਾਉਂ ਰੋਡ ਤੋਂ ਲੰਘਣ ਵਾਲੇ ਹਰ ਰਾਹਗੀਰ ਨੂੰ ਭੁਗਤਣਾ ਪਵੇਗਾ | ਉਨ੍ਹਾਂ ਇਹ ਵੀ ਕਿਹਾ ਕੀ ਅਜਿਹੇ ਸਕੈਂਡਲ ਦਾ ਮੁੱਖ ਮੰਤਰੀ ਪੰਜਾਬ, ਪੀ.ਡਬਲਿਯੂ.ਡੀ ਮੰਤਰੀ ਅਤੇ ਪੀ.ਡਬਲਿਯੂ.ਡੀ ਵਿਭਾਗ ਵਲੋਂ ਨਿਰਪੱਖ ਜਾਂਚ ਕਰਵਾਈ ਜਾਵੇਗੀ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਅਜਿਹੀ ਘਪਲੇਬਾਜ਼ੀ ਨਿਰੰਤਰ ਚੱਲਦੀ ਰਹੇਗੀ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਸੜਕ ਦੇ ਚੱਲ ਰਹੇ ਨਿਰਮਾਣ ਕਾਰਜ ਨੂੰ ਕਿਸ ਅਧਾਰ 'ਤੇ ਪੂਰਾ ਕਰਵਾਇਆ ਜਾਵੇਗਾ | ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਜਗਜੀਤ ਸਿੰਘ ਡੱਲਾ, ਦਰਸ਼ਨ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ |