ਮੁੱਲਾਂਪੁਰ-ਦਾਖਾ, 27 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-'ਆਪ' ਦੇ ਬਾਗੀ ਹੋਏ 7 ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿਚ ਸ਼ਾਮਿਲ ਹੋਣ ਵਾਲਿਆਂ ਦੀ ਅਗਵਾਈ ਵਾਲਾ ਸਾਂਸਦ ਰਾਘਵ ਚੱਢਾ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਨਾਲ ਰਲਕੇ ਦਿੱਲੀ ਦੇ ਧਾੜਵੀਆਂ ਦੀ ਫੌਜ ਰਾਹੀਂ ਪੰਜਾਬ ਦਾ ਖਜ਼ਾਨਾ ਖ਼ਾਲੀ ਕਰਕੇ ਹੁਣ ਭਾਜਪਾ 'ਚ ਜਾ ਸ਼ਾਮਿਲ ਹੋਇਆ, ਪੰਜਾਬ ਨੂੰ ਕਰਜ਼ਾਈ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਰਾਘਵ ਚੱਢਾ ਦਾ ਵਿਸ਼ੇਸ਼ ਸਥਾਨ ਰਿਹਾ | ਇਹ ਟਿੱਪਣੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਆਮ ਆਦਮੀ ਪਾਰਟੀ ਨੂੰ ਆਏ ਵੱਡੇ ਝਟਕੇ ਬਾਅਦ ਕੀਤੀ | 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪ੍ਰਤੀਕਰਮ ਕਿ ਭਾਜਪਾ ਨੇ ਫਿਰ ਤੋਂ ਪੰਜਾਬੀਆਂ ਨਾਲ ਧੱਕਾ ਕੀਤਾ, ਦੇ ਜਵਾਬ 'ਚ ਦਿਓਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਕਿਰਦਾਰ ਜੋ ਹੈ, ਉਹ ਤਾਂ ਹੈ ਹੀ! ਆਮ ਆਦਮੀ ਪਾਰਟੀ ਵਲੋਂ ਵੀ ਰਜਿੰਦਰ ਗੁਪਤਾ, ਹੋਰਨਾਂ ਨੂੰ ਰਾਜ ਸਭਾ ਦੀ ਮੈਂਬਰੀ ਮਹਿੰਗੇ ਭਾਅ ਵੇਚੀ ਗਈ | ਦਿਓਲ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਅੰਦਰੋਂ ਪੂਰੀ ਤਰ੍ਹਾਂ ਖੋਖਲੀ ਹੋ ਗਈ, ਜਲਦੀ ਹੀ ਕਈ ਵਿਧਾਇਕ ਪਾਰਟੀ ਛੱਡ ਜਾਣਗੇ | ਉਨ੍ਹਾਂ ਕਿਹਾ ਕਿ ਆਪ ਪਾਰਟੀ ਦੇ ਕੌਮੀ ਕਨਵੀਨਰ ਕੇਜ਼ਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਪਾਰਟੀ ਦੇ ਵਰਕਰਾਂ ਅਤੇ ਵਾਲੰਟੀਅਰਾਂ ਨੂੰ ਨਜ਼ਰਅੰਦਾਜ ਕਰਕੇ ਰਾਜ ਸਭਾ ਲਈ ਮੈਂਬਰੀ ਪੈਸੇ ਬਦਲੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ ਦਿੱਤੀ ਗਈ |