ਜਗਰਾਉਂ, 27 ਅਪ੍ਰੈਲ (ਗੁਰਦੀਪ ਸਿੰਘ ਮਲਕ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਇਕ ਵਫ਼ਦ ਜ਼ਿਲ੍ਹਾ ਪੁਲਿਸ ਅਧਿਕਾਰੀ ਅੰਕੁਰ ਗੁਪਤਾ ਨੂੰ ਮਿਲਿਆ | ਜ਼ਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ 'ਚ ਮਿਲੇ ਵਫ਼ਦ ਨੇ ਲਿਖਤੀ ਸ਼ਿਕਾਇਤ ਰਾਹੀਂ ਦੱਸਿਆ ਕਿ ਪਿੰਡ ਬੱਸੂਵਾਲ ਦਾ ਇਕ ਵਿਅਕਤੀ ਜਥੇਬੰਦੀ ਦੇ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਗਲਤ ਪ੍ਰਚਾਰ ਕਰਦਾ ਹੈ | ਵਫ਼ਦ 'ਚ ਸ਼ਾਮਲ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਪਿੰਡ 'ਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ, ਕਿਸਾਨ ਜਥੇਬੰਦੀ ਦੇ ਆਗੂ ਵਜੋਂ ਪ੍ਰਵਾਨਤ ਆਗੂ ਖ਼ਿਲਾਫ਼ ਅਜਿਹਾ ਗਲਤ ਪ੍ਰਚਾਰ ਜਥੇਬੰਦੀ ਕਦਾਚਿੱਤ ਸਹਿਣ ਨਹੀਂ ਕਰੇਗੀ | ਉਨ੍ਹਾਂ ਕਿਹਾ ਕਿ ਇਲਾਕੇ 'ਚ ਜਥੇਬੰਦੀ ਦੇ ਪ੍ਰਭਾਵ ਤੋਂ ਚਿੜ ਕੇ ਇਕ ਸਿਆਸੀ ਪਾਰਟੀ ਵਲੋਂ ਇਹ ਮੰਦਾ ਪ੍ਰਚਾਰ ਕਰਵਾਇਆ ਜਾ ਰਿਹਾ ਹੈ | ਜ਼ਿਲ੍ਹਾ ਪੁਲਿਸ ਮੁਖੀ ਨੇ ਵਫ਼ਦ ਨੂੰ ਤੁਰੰਤ ਕਾਰਵਾਈ ਦਾ ਭਰੋਸਾ ਦਿਵਾਇਆ | ਵਫ਼ਦ 'ਚ ਕੰਵਲਜੀਤ ਖੰਨਾ, ਇੰਦਰਜੀਤ ਸਿੰਘ ਧਾਲੀਵਾਲ, ਜਗਜੀਤ ਸਿੰਘ ਕਲੇਰ ਤੇ ਜਸਵਿੰਦਰ ਸਿੰਘ ਭਮਾਲ ਆਦਿ ਹਾਜ਼ਰ ਸਨ |