ਜਗਰਾਉਂ, 28 ਅਪ੍ਰੈਲ (ਗੁਰਦੀਪ ਸਿੰਘ ਮਲਕ)-ਪਹਿਲੀ ਮਈ ਨੂੰ ਮਹਾਨ ਕੌਮਾਂਤਰੀ ਮਜ਼ਦੂਰ ਦਿਵਸ 'ਤੇ ਜਗਰਾਉਂ ਬੱਸ ਸਟੈਂਡ ਵਿਖੇ ਇਲਾਕੇ ਦੀਆਂ ਸਮੂਹ ਜਨਤਕ ਜਥੇਬੰਦੀਆਂ ਵਲੋਂ ਵਿਸ਼ਾਲ ਕਾਨਫ਼ਰੰਸ ਰੱਖੀ ਗਈ ਹੈ | ਇਸ ਸਬੰਧੀ ਹੋਈ ਮੀਟਿੰਗ 'ਚ ਸਮੂਹ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਵਧ ਚੜ੍ਹ ਕੇ ਪੁੱਜਣ ਦਾ ਐਲਾਨ ਕੀਤਾ | ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਕੰਵਲਜੀਤ ਖੰਨਾ, ਬਲਰਾਜ ਸਿੰਘ ਕੋਟਉਮਰਾ, ਅਵਤਾਰ ਸਿੰਘ ਗਗੜਾ, ਅਸ਼ੋਕ ਭੰਡਾਰੀ ਨੇ ਦੱਸਿਆ ਕਿ ਇਸ ਕਾਨਫ਼ਰੰਸ ਰਾਹੀਂ ਕੇਂਦਰ ਸਰਕਾਰ ਵਲੋਂ ਲਿਆਂਦੇ ਮਜ਼ਦੂਰ ਮੁਲਾਜ਼ਮ ਵਿਰੋਧੀ ਕਾਰਤ ਕੋਡ ਰੱਦ ਕਰਨ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਰੋਕਣ, ਮਗਨਰੇਗਾ ਸਕੀਮ ਮੁੜ ਬਹਾਲ ਕਰਨ, ਆਸ਼ਾ ਵਰਕਰਾਂ, ਮਿਡ-ਡੇ-ਮੀਲ ਵਰਕਰਾਂ ਦੀਆਂ ਉਜ਼ਰਤਾਂ 'ਚ ਵਾਧਾ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ ਦੀ ਮੰਗ ਕੀਤੀ ਜਾਵੇਗੀ | ਇਸ ਕਾਨਫ਼ਰੰਸ ਰਾਹੀਂ ਹਰਿਆਣਾ, ਉੱਤਰ ਪ੍ਰਦੇਸ਼ , ਪੰਜਾਬ ਦੇ ਸ਼ਹਿਰਾਂ ਦੇ ਸਨਅਤੀ ਖੇਤਰ 'ਚ ਤਨਖਾਹਾਂ 'ਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਅੰਦੋਲਨ ਦੀ ਹਮਾਇਤ ਅਤੇ ਮਜ਼ਦੂਰ ਸੰਘਰਸ਼ 'ਤੇ ਢਾਹੇ ਜਾ ਰਹੇ ਪੁਲਿਸ ਜ਼ਬਰ ਨੂੰ ਰੋਕਣ ਦੀ ਮੰਗ ਕੀਤੀ ਜਾਵੇਗੀ | ਇਸ ਕਾਨਫ਼ਰੰਸ ਰਾਹੀਂ ਅਮਰੀਕਾ ਇਜ਼ਰਾਈਲ ਗੱਠਜੋੜ ਵਲੋਂ ਇਰਾਨ 'ਤੇ ਠੋਸੀ ਨਿਹੱਕੀ ਜੰਗ ਖ਼ਿਲਾਫ਼ ਆਵਾਜ਼ ਉਠਾਈ ਜਾਵੇਗੀ | ਕਾਨਫ਼ਰੰਸ ਉਪਰੰਤ ਸ਼ਹਿਰ 'ਚ ਮਾਰਚ ਕੀਤਾ ਜਾਵੇਗਾ | ਇਸ ਸਮੇਂ ਲੈਕਚਰਾਰ ਅਵਤਾਰ ਸਿੰਘ, ਮਾਸਟਰ ਹਰਬੰਸ ਲਾਲ, ਬਲਵਿੰਦਰ ਸਿੰਘ ਕਾਨੂੰਗੋ, ਭੁਪਿੰਦਰ ਸਿੰਘ ਬਰਾੜ, ਨਿਰਮਲ ਸਿੰਘ ਧਾਲੀਵਾਲ, ਰਣਜੀਤ ਸਿੰਘ ਮੋਂਟੀ, ਜਗਦੀਸ਼ ਸਿੰਘ ਕਾਉਂਕੇ, ਬੂਟਾ ਸਿੰਘ ਹਾਂਸ ਆਦਿ ਆਗੂ ਹਾਜ਼ਰ ਸਨ |