ਜਗਰਾਉਂ, 28 ਅਪ੍ਰੈਲ (ਗੁਰਦੀਪ ਸਿੰਘ ਮਲਕ)-ਇੱਥੇ ਏਸ਼ੀਆ ਦੀ ਦੂਜੀ ਵੱਡੀ ਮੰਡੀ ਜਗਰਾਉਂ ਅਤੇ ਬ੍ਰਾਂਚਾਂ 'ਚੋਂ ਕਣਕ ਦੀ ਧੀਮੀ ਲਿਫ਼ਟਿੰਗ ਖ਼ਿਲਾਫ਼ ਗੱਲਾ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਆੜਤੀਆ ਐਸੋਸੀਏਸ਼ਨ ਨੇ ਐੱਸ.ਡੀ.ਐੱਮ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ | ਇਸ ਸਮੇਂ ਐੱਸ.ਡੀ.ਐੱਮ. ਉਪੀੰਦਰਜੀਤ ਕੌਰ ਬਰਾੜ ਨਾਲ ਹੋਈ ਮੀਟਿੰਗ ਵਿਚ ਕੰਵਲਜੀਤ ਖੰਨਾ, ਕਨੱ੍ਹਈਆ ਗੁਪਤਾ ਬਾਂਕਾ, ਰਾਜ ਕੁਮਾਰ ਭੱਲਾ, ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਧਾਲੀਵਾਲ, ਗੱਲਾ ਮਜ਼ਦੂਰ ਆਗੂ ਦੇਵਰਾਜ ਨੇ ਉੱਪ ਮੰਡਲ ਅਧਿਕਾਰੀ ਨੂੰ ਦੱਸਿਆ ਕਿ ਇਸ ਵਾਰ ਹੁਣ ਤੱਕ 6 ਲੱਖ 11 ਹਜ਼ਾਰ 64 ਬੋਰੀਆਂ 'ਚੋਂ 3 ਲੱਖ 28 ਹਜ਼ਾਰ ਬੋਰੀਆਂ ਦੀ ਹੀ ਲਿਫਟਿੰਗ ਹੋਈ ਹੈ, ਬਾਕੀ ਬੋਰੀਆਂ ਖੁੱਲੇ੍ਹ ਅਸਮਾਨ ਹੇਠ ਪਈਆਂ ਹਨ | ਧੁੱਪ ਤਿੱਖੀ ਹੋਣ ਕਾਰਨ ਭਾਰ 'ਚ ਕਟੌਤੀ ਹੋਣ 'ਤੇ ਖ਼ਰੀਦ ਏਜੰਸੀਆਂ ਪੂਰੀ ਮਾਤਰਾ ਅਤੇ ਤੋਲ 'ਚ ਅਨਾਜ ਦੀ ਜਦੋਂ ਮੰਗ ਕਰਦੀਆਂ ਹਨ ਤਾਂ ਉਹ ਘਾਟਾ ਧੱਕੇ ਨਾਲ ਮਜ਼ਦੂਰਾਂ ਤੋਂ ਪੂਰਾ ਕੀਤਾ ਜਾਂਦਾ ਹੈ | ਖ਼ਰੀਦ ਏਜੰਸੀਆਂ ਨੇ ਕਾਨੂੰਨ ਮੁਤਾਬਿਕ ਖ਼ਰੀਦ ਤੋਂ ਬਾਅਦ 72 ਘੰਟੇ 'ਚ ਕਣਕ ਦੀ ਚੁਕਾਈ ਕਰਨੀ ਹੁੰਦੀ ਹੈ, ਪਰ ਪੰਦਰਾਂ-ਪੰਦਰਾਂ ਦਿਨ ਚੁਕਾਈ ਨਾ ਹੋਣ ਕਾਰਨ ਸਾਰਾ ਨੁਕਸਾਨ ਮਜ਼ਦੂਰਾਂ ਦੇ ਸਿਰ ਪੈਂਦਾ ਹੈ ਉਤੋਂ ਚੋਰਾਂ ਤੋਂ ਬਚਾਅ ਲਈ ਮਜ਼ਦੂਰਾਂ ਨੂੰ ਰਾਤਾਂ ਨੂੰ ਜਾਗਣਾ ਪੈਂਦਾ ਹੈ | ਜਥੇਬੰਦੀਆਂ ਦੀ ਜ਼ੋਰਦਾਰ ਮੰਗ 'ਤੇ ਉੱਪ ਮੰਡਲ ਅਧਿਕਾਰੀ ਨੇ ਅੱਜ ਹੀ ਸਬੰਧਤ ਖ਼ਰੀਦ ਏਜੰਸੀਆਂ, ਠੇਕੇਦਾਰ, ਟਰੱਕ ਯੂਨੀਅਨ ਨਾਲ ਮੀਟਿੰਗ ਕਰਕੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਸਮੇਂ ਤਰਸੇਮ ਸਿੰਘ ਬੱਸੂਵਾਲ, ਗੁਰਤੇਜ ਸਿੰਘ ਅਖਾੜਾ, ਜਗਜੀਤ ਸਿੰਘ ਕਲੇਰ, ਜਸਵਿੰਦਰ ਸਿੰਘ ਭੁਮਾਲ ਤੇ ਮਨਜਿੰਦਰ ਸਿੰਘ ਸਲੇਮਪੁਰਾ ਆਦਿ ਹਾਜ਼ਰ ਸਨ |