ਚੌਂਕੀਮਾਨ, 4 ਮਈ (ਤੇਜਿੰਦਰ ਸਿੰਘ ਚੱਢਾ)-ਵਿਦਿਆਰਥੀ ਦੀ ਸੁਰੱਖਿਆ ਨੂੰ ਅਹਿਮ ਸਮਝਦੇ ਹੋਏ ਤੇ ਜ਼ਿੰਮੇਵਾਰ ਨਾਗਰਿਕਤਾ ਨੂੰ ਉਤਸ਼ਾਹਿਤ ਕਰਨ ਲਈ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਜੀ. ਐੱਚ. ਜੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸਿੱਧਵਾਂ ਖੁਰਦ ਨੇ ਸਕੂਲ ਦੇ ਲਾਇਬ੍ਰੇਰੀ ਹਾਲ 'ਚ ਟ੍ਰੈਫ਼ਿਕ ਨਿਯਮਾਂ ਬਾਰੇ ਇਕ ਵਿਆਪਕ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ | ਇਸ ਸੈਸ਼ਨ 'ਚ ਟ੍ਰੈਫ਼ਿਕ ਸੈੱਲ ਜਗਰਾਉਂ ਦੇ ਏ. ਐੱਸ. ਆਈ. ਹਰਪਾਲ ਸਿੰਘ ਮਾਨ ਵਲੋਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸੜਕ 'ਤੇ ਹਮੇਸ਼ਾ ਖੱਬੇ ਪਾਸੇ ਚੱਲੋ, ਸੜਕ ਨੂੰ ਪਾਰ ਕਰਨ ਤੋਂ ਪਹਿਲਾਂ ਸੱਜੇ ਪਾਸੇ ਅਤੇ ਖੱਬੇ ਪਾਸੇ ਜਰੂਰ ਦੇਖ ਕੇ ਸੜਕ ਨੂੰ ਪਾਰ ਕਰੋ, ਸੜਕ ਨੂੰ ਦੌੜ ਕੇ ਪਾਰ ਨਾ ਕਰੋ, ਨਾ-ਬਾਲਗ ਬੱਚਾ ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ ਕਿਸੇ ਵੀ ਕਿਸਮ ਦਾ ਟੂ ਵੀਲਰ ਤੇ ਨਾ ਹੀ ਫੋਰ ਵੀਲਰ ਚਲਾਵੇ | ਏ. ਐੱਸ. ਆਈ. ਹਰਪਾਲ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਨਾਬਾਲਗ ਬੱਚਿਆਂ ਦੇ ਮਾਤਾ, ਪਿਤਾ ਆਪਣੇ ਨਾ-ਬਾਲਗ ਬੱਚਿਆਂ ਨੂੰ ਟੂ ਵੀਲਰ ਜਾਂ ਫੋਰ ਵੀਲਰ ਚਲਾਉਣ ਲਈ ਨਾ ਦੇਣ ਅਤੇ ਨਾ ਹੀ ਕਿਸੇ ਅਣਸਿੱਖਿਅਤ ਵਿਅਕਤੀ ਨੂੰ ਆਪਣਾ ਵਹੀਕਲ ਮੰਗਿਆ ਚਲਾਉਣ ਲਈ ਦੇਣ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ ਤੇ ਸੜਕੀ ਹਾਦਸਿਆਂ ਵਿਚ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ | ਇਹ ਸਮਾਗਮ ਪਿ੍ੰਸੀਪਲ ਸੰਦੀਪ ਕੌਰ ਤੇ ਵਾਈਸ ਪਿ੍ੰਸੀਪਲ ਡਾ. ਪੁਨੀਤਾ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ |