ਜਗਰਾਉਂ, 4 ਮਈ (ਹਰਵਿੰਦਰ ਸਿੰਘ ਖ਼ਾਲਸਾ)-ਪੂਰੇ ਦੇਸ਼ 'ਚ ਚੱਲ ਰਹੀ ਜਾਤੀ ਅਧਾਰਿਤ ਜਨਗਣਨਾ ਦੌਰਾਨ ਪੰਜਾਬ ਸਰਕਾਰ ਵਲੋਂ ਤਿਆਰ ਕੀਤੇ ਪ੍ਰਫਾਰਮੇ 'ਚ ਜਾਤੀ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਦੇ ਇਸਤੇਮਾਲ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ | ਵਾਲਮੀਕਿ-ਮਜ਼੍ਹਬੀ ਸਿੱਖ ਭਾਈਚਾਰੇ ਨਾਲ ਜੁੜੇ ਲੋਕਾਂ ਵਿਚ ਇਸ ਮਾਮਲੇ ਨੂੰ ਲੈ ਕੇ ਗਹਿਰਾ ਗੁੱਸਾ ਅਤੇ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ | ਜਗਰਾਉਂ ਵਿਚ ਸਮੂਹ ਵਾਲਮੀਕਿ-ਮਜ਼੍ਹਬੀ ਸਿੱਖ ਭਾਈਚਾਰੇ ਵਲੋਂ ਗੇਜਾ ਰਾਮ ਵਾਲਮੀਕਿ (ਕੌਮੀ ਪ੍ਰਧਾਨ, ਸੈਂਟਰਲ ਵਾਲਮੀਕਿ ਸਭਾ ਇੰਡੀਆ) ਦੀ ਅਗਵਾਈ ਹੇਠ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ | ਇਸ ਪ੍ਰਦਰਸ਼ਨ 'ਚ ਸਫ਼ਾਈ ਸੇਵਕ ਯੂਨੀਅਨ ਜਗਰਾਉਂ ਤੇ ਸ਼ਹਿਰ ਦੇ ਕਈ ਆਗੂਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਪ੍ਰਦਰਸ਼ਨਕਾਰੀਆਂ ਨੇ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਸਰਕਾਰ ਵਲੋਂ ਜਨਗਣਨਾ ਵਰਗੇ ਸੰਵੇਦਨਸ਼ੀਲ ਮਾਮਲੇ ਵਿਚ ਅਜਿਹੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਨਾ ਨਾ ਸਿਰਫ਼ ਭਾਈਚਾਰੇ ਦੀ ਅਸਮਾਨਤਾ ਨੂੰ ਦਰਸਾਉਂਦਾ ਹੈ, ਸਗੋਂ ਸੰਵਿਧਾਨਿਕ ਮੂਲਿਆਂ ਦੀ ਵੀ ਉਲੰਘਣਾ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਇਸ ਪ੍ਰਫਾਰਮੇ ਨੂੰ ਤਿਆਰ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਐੱਸ. ਸੀ./ਐੱਸ. ਟੀ. ਐਕਟ ਤਹਿਤ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਰੋਸ ਪ੍ਰਦਰਸ਼ਨ ਤੋਂ ਬਾਅਦ ਉੱਪ ਮੰਡਲ ਮੈਜਿਸਟਰੇਟ ਜਗਰਾਉਂ ਉਪਿੰਦਰਜੀਤ ਕੌਰ ਬਰਾੜ ਰਾਹੀਂ ਪੰਜਾਬ ਸਰਕਾਰ ਨੂੰ ਮੰਗ-ਪੱਤਰ ਭੇਜਿਆ ਗਿਆ | ਇਸ ਮੌਕੇ ਸਤੀਸ਼ ਕੁਮਾਰ ਪੱਪੂ ਸਾਬਕਾ ਪ੍ਰਧਾਨ ਨਗਰ ਕੌਂਸਲ ਜਗਰਾਉਂ, ਸਾਬਕਾ ਕੌਂਸਲਰ ਰਮੇਸ਼ ਕੁਮਾਰ ਸਹੋਤਾ, ਕਾਂਗਰਸੀ ਆਗੂ ਰਾਜੇਸ਼ਇੰਦਰ ਸਿੰਘ ਸਿੱਧੂ, ਅਮਿਤ ਕਲਿਆਣ ਸ਼ਹਿਰੀ ਪ੍ਰਧਾਨ ਸੈਂਟਰਲ ਵਾਲਮੀਕਿ ਸਭਾ ਇੰਡੀਆ, ਪਰਮਜੀਤ ਸਿੰਘ ਰਿੰਪੀ ਲੱਧੜ, ਸਮਾਜ ਸੇਵੀ ਕੁਲਵੰਤ ਸਿੰਘ ਸਹੋਤਾ, ਰਿਟਾਇਰ ਪਿ੍ੰਸੀਪਲ ਰਜਿੰਦਰ ਸਿੰਘ ਕਾਂਉਕੇ, ਬਲਵਿੰਦਰ ਕਲਿਆਣ, ਸਤੀਸ਼ ਕੁਮਾਰ ਬੱਗਾ, ਸੋਨੀ ਸਹੋਤਾ, ਸੁਖਦੀਪ ਨਾਹਰ, ਵੱਡੀ ਗਿਣਤੀ 'ਚ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਨੇ ਹਿੱਸਾ ਲਿਆ |