ਮੁੱਲਾਂਪੁਰ-ਦਾਖਾ, 4 ਮਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਰਾਜ ਅਨਾਜ਼ ਖ਼ਰੀਦ ਨਿਗਮ ਲਿਮਟਿਡ (ਪਨਗਰੇਨ) ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਦੱਸਿਆ ਕਿ ਪਨਗਰੇਨ ਆਪਣੇ ਟੀਚੇ ਅਨੁਸਾਰ ਕਣਕ ਦੀ ਖ਼ਰੀਦ 'ਚ ਸਫ਼ਲ ਰਿਹਾ, ਖ਼ਰੀਦ ਦੇ ਨਾਲ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਸਮੇਂ ਸਿਰ ਹੋਈ | ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਸੁਧਾਰ ਨਾਲ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਹੋਈ ਗੱਲਬਾਤ ਸਮੇਂ ਉਨ੍ਹਾਂ ਕਿਹਾ ਕਿ ਖੁਸ਼ਹਾਲ ਪੰਜਾਬ ਸਿਰਜਣ 'ਚ ਸਫ਼ਲ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਕਿਸਾਨ-ਮਜ਼ਦੂਰਾਂ ਦੇ ਹਿੱਤਾਂ ਲਈ ਸ਼ੁਰੂ ਤੋਂ ਤਤਪਰ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਖੇਤੀ ਜਲਸਰੋਤਾਂ ਨਾਲ ਜੁੜੀ ਹੋਈ ਹੈ, ਸਾਉਣੀ ਫ਼ਸਲ ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੂੰ ਨਹਿਰੀ ਪਾਣੀ, ਟਿਊਬਵੈੱਲ ਲਈ ਬਿਜਲੀ ਤੈਅ ਹੋਏ ਸਮੇਂ ਅਨੁਸਾਰ ਮਿਲੇਗੀ, ਅਜਿਹਾ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਕਦੀ ਵੀ ਦੇਖਣ ਨੂੰ ਨਹੀਂ ਮਿਲਿਆ | ਹਰ ਖੇਤ ਤੱਕ ਨਹਿਰੀ ਪਾਣੀ ਲਿਜਾਣ ਲਈ ਛੋਟੇ ਰਜਬਾਹੇ (ਕੱਸੀ-ਖਾਲ਼) 'ਆਪ' ਸਰਕਾਰ ਦਾ ਕਿਸਾਨਾਂ ਲਈ ਵੱਡਾ ਤੋਹਫ਼ਾ ਹੈ | ਸਹਿਕਾਰੀ ਬੈਂਕਾਂ ਵਲੋਂ ਪਿੰਡਾਂ ਦੀਆਂ ਖੇਤੀਬਾੜੀ ਸਭਾਵਾਂ ਨੂੰ ਕਰਜ਼ਾ ਦੇਣ ਦੀ ਵਧੀ ਦੁਵਿਧਾ ਵਾਲੇ ਸਵਾਲ 'ਚ ਚੇਅਰਮੈਨ ਡਾ. ਤੇਜਪਾਲ ਸਿੰਘ ਕਿਹਾ ਕਿ ਕੇਂਦਰੀ ਏਜੰਸੀ ਨਾਬਾਰਡ ਵਲੋਂ ਖੇਂਦਰੀ ਖੇਤੀ ਲਈ ਲਿਮਟ ਵਿਚ ਕਟੌਤੀ ਕਾਰਨ ਅਜਿਹੀ ਮੁਸ਼ਕਿਲ ਬਣੀ, ਪ੍ਰੰਤੂ ਮੁੱਖ ਮੰਤਰੀ ਪੰਜਾਬ ਵਲੋਂ ਜਲਦੀ ਹੀ ਕੋਈ ਉਚਿਤ ਹੱਲ ਕੱਢ ਲਿਆ ਜਾਵੇਗਾ | ਗਿੱਲ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਕਿਸਾਨ-ਮਜ਼ਦੂਰ ਦੀ ਬਿਹਤਰੀ ਦੇ ਨਾਲ ਉਦਯੋਗਾਂ ਦੀ ਹਾਲਤ ਉੱਪਰ ਚੁੱਕਣ ਵਿਚ ਕੰਮ ਕਰ ਰਹੀ ਹੈ |