ਮੁੱਲਾਂਪੁਰ-ਦਾਖਾ, 8 ਮਈ (ਨਿਰਮਲ ਸਿੰਘ ਧਾਲੀਵਾਲ)-ਸਮਾਜ ਵਿਰੋਧੀ ਅਨਸਰਾਂ, ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸੁਹਿਰਦ ਦਾਖਾ ਪੁਲਿਸ ਨੂੰ ਉਦੋਂ ਵੱਡੀ ਸਫ਼ਲਤਾ ਮਿਲੀ, ਜਦ ਮੱਝਾਂ ਦੇ ਵਪਾਰੀ ਕੋਲੋਂ ਮੋਟਰ ਸਾਈਕਲ ਸਵਾਰਾਂ ਦੁਆਰਾ ਲੱਖਾਂ ਰੁਪਏ ਦੀ ਨਕਦੀ ਖੋਹਣ ਵਾਲੇ ਦਾਖਾ ਪੁਲਿਸ ਨੇ ਕਾਬੂ ਕਰ ਲਏ | ਡੀ.ਐੱਸ.ਪੀ ਕਰਨ ਸਿੰਘ ਸੰਧੂ ਇਕ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਸ਼ੋਹਿਬ ਅਤੇ ਰਾਸ਼ਿਦ ਥਾਣਾ ਸ਼ਾਹਪੁਰ ਮੁਜ਼ੱਫਰਨਗਰ ਹਾਲ ਵਾਸੀ ਮਹਿਲ ਕਲਾਂ ਜਿਲ੍ਹਾ ਬਰਨਾਲਾ ਮੱਝਾਂ ਦਾ ਵਪਾਰ ਕਰਦੇ ਹਨ | ਪਿਛਲੇ ਦਿਨੀਂ ਵਪਾਰੀ ਸ਼ੋਹਿਬ ਪੰਜਾਬ 'ਚੋਂ ਖਰੀਦੀਆਂ ਮੱਝਾਂ ਯੂ.ਪੀ ਵੇਚ ਕੇ ਜਿਸ ਟਰੱਕ ਰਾਹੀਂ ਵਾਪਿਸ ਆ ਰਿਹਾ ਸੀ, ਉਸ ਮਿੰਨੀ ਟਰੱਕ ਨੂੰ ਉਮਰ ਫਾਰੁਖ ਨਾਂਅ ਦਾ ਡਰਾਈਵਰ ਚਲਾ ਰਿਹਾ | ਮੰਡੀ ਮੁੱਲਾਂਪੁਰ ਫਲਾਈਓਵਰ ਨੇੜੇ ਟਰੱਕ ਡਰਾਈਵਰ ਵਲੋਂ ਵਪਾਰੀ ਸੋਹਿਬ ਨੂੰ ਹੇਠਾਂ ਉਤਰਨ ਲਈ ਕਿਹਾ ਗਿਆ | ਕੁਝ ਹੀ ਪਲਾਂ 'ਚ ਦੋ ਮੋਟਰਸਾਈਕਲਾਂ 'ਤੇ ਪਿੱਛਾ ਕਰ ਰਹੇ ਚਾਰ ਨੌਜਵਾਨਾਂ ਸ਼ੋਹਿਬ ਦੀ ਕੁੱਟਮਾਰ ਕਰਕੇ ਪਿੱਠੂ ਬੈਗ ਖੋਹ ਲਿਆ ਗਿਆ, ਜਿਸ ਵਿਚ ਲੱਖਾਂ ਦੀ ਨਕਦੀ ਸੀ | ਸ਼ੋਹਿਬ ਵਲੋਂ ਲੁੱਟ ਦੀ ਇਤਲਾਹ ਦਾਖਾ ਪੁਲਿਸ ਨੂੰ ਦਿੱਤੀ ਗਈ | ਡੀ.ਐੱਸ.ਪੀ ਸੰਧੂ ਵਲੋਂ ਆਪਣੀਆਂ ਪੁਲਿਸ ਟੀਮਾਂ ਨਾਲ ਵੱਖੋ-ਵੱਖ ਥਿਊਰੀਆਂ 'ਤੇ ਕੰਮ ਕਰਦਿਆਂ ਮੋਬਾਇਲ ਲੋਕੇਸ਼ਨ, ਸੀ.ਸੀ.ਟੀ.ਵੀ ਕੈਮਰਿਆਂ, ਹੋਰ ਵਿਗਿਆਨਕ ਤਰੀਕਿਆਂ ਤਹਿਤ ਤਫਤੀਸ਼ ਸਮੇਂ ਪਾਇਆ ਕਿ ਵਪਾਰੀ ਤੋਂ ਲੁੱਟ ਦਾ ਮਾਸਟਰ ਮਾਈਾਡ ਟਰੱਕ ਡਰਾਈਵਰ ਉਮਰ ਫਾਰੁਖ ਹੀ ਹੋ ਸਕਦਾ | ਪੁਲਿਸ ਵਲੋਂ ਉਮਰ ਫਾਰੁਖ ਦਾ ਪਿੱਛਾ ਕਰਦਿਆਂ ਯੂ.ਪੀ. ਤੋਂ ਗਿ੍ਫ਼ਤਾਰ ਕਰਕੇ ਥਾਣਾ ਦਾਖਾ ਲਿਆਂਦਾ ਗਿਆ | ਥਾਣਾ ਦਾਖਾ ਐੱਸ.ਐੱਚ.ਓ. ਕੁਲਜਿੰਦਰ ਸਿੰਘ ਵਲੋਂ ਸਖਤੀ ਨਾਲ ਪੁੱਛਗਿੱਛ 'ਤੇ ਉਮਰ ਫਾਰੁਖ ਦੱਸਿਆ ਕਿ ਮੋਟਰਸਾਈਕਲਾਂ 'ਤੇ ਲੁੱਟ ਵਾਲੇ ਮੇਰੇ ਪਹਿਚਾਣ ਦੇ ਹਨ, ਵਪਾਰੀ ਨੂੰ ਲੁੱਟਣ ਦੀ ਸਕੀਮ ਉਨ੍ਹਾਂ ਪਹਿਲਾਂ ਹੀ ਬਣਾ ਲਈ, ਚਾਰੇ ਮੋਟਰਸਾਈਕਲ ਯੂ.ਪੀ ਤੋਂ ਸਾਡਾ ਪਿੱਛਾ ਕਰਦੇ ਆ ਰਹੇ ਸੀ | ਦਾਖਾ ਪੁਲਿਸ ਵਲੋਂ ਉਮਰ ਫਾਰੁਖ ਦੇ ਨਾਲ ਗਿ੍ਫ਼ਤਾਰ ਸਾਦੀਕ ਉਰਫ਼ ਮਾਸਟਰ ਵਾਸੀ ਤਿਸੰਗ ਜ਼ਿਲ੍ਹਾ ਸ਼ਾਮਲੀ ਯੂ.ਪੀ ਦੁਆਰਾ ਲੱਖਾਂ ਦੀ ਲੁੱਟ 'ਚੋਂ 4 ਲੱਖ ਰੁਪਏ ਬਰਾਮਦ ਕਰ ਲਏ ਗਏ | ਐੱਸ.ਐੱਚ.ਓ ਕੁਲਜਿੰਦਰ ਸਿੰਘ ਦੀਆਂ ਪੁਲਿਸ ਟੀਮਾਂ ਲੁੱਟ ਦੀ ਵਾਰਦਾਤ 'ਚ ਸ਼ਾਮਿਲ ਸ਼ਦਾਬ ਗੁੱਜਰ, ਸਾਹਿਲ ਅਤੇ ਸਲਮਾਨ ਦੀ ਗਿ੍ਫ਼ਤਾਰੀ ਲਈ ਜ਼ਿਲ੍ਹਾ ਸ਼ਾਮਲੀ ਉੱਤਰ ਪ੍ਰਦੇਸ਼ ਪਹੁੰਚੀਆਂ ਹੋਈਆਂ ਹਨ | ਡੀ.ਐੱਸ.ਪੀ ਸੰਧੂ ਅਨੁਸਾਰ ਫਾਰੁਖ ਦੇ ਦੂਸਰੇ ਸਾਥੀਆਂ ਦੀ ਗਿ੍ਫ਼ਤਾਰੀ ਬਾਅਦ ਹੋਰ ਰਕਮ ਬਰਾਮਦ ਕਰ ਲਈ ਜਾਵੇਗੀ | ਮੱਝਾਂ ਦੇ ਵਪਾਰੀ ਲੋਕਾਂ ਤੋਂ ਹੋਈ ਲੁੱਟ ਕਾਰਨ ਇਲਾਕੇ 'ਚ ਕਾਫ਼ੀ ਦਹਿਸ਼ਤ ਸੀ | ਲੁੱਟ ਦਾ ਸ਼ਿਕਾਰ ਸ਼ੋਹਿਬ ਸਮੇਤ ਮੱਝਾਂ ਦੇ ਹੋਰ ਵਪਾਰੀਆਂ ਦਾਖਾ ਪੁਲਿਸ ਦੀ ਸ਼ਲਾਘਾ ਕੀਤੀ |