ਰਾਏਕੋਟ, 12 ਮਈ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚ ਗੁਰੂ ਹਰਿਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੱਧਾਹੂਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਮੱਲਾਂ ਮਾਰੀਆਂ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਰਣਜੀਤ ਸਿੰਘ ਰਾਏ ਨੇ ਦੱਸਿਆ ਦਸਵੀਂ ਕਲਾਸ ਦੇ ਸਮੂਹ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ ਹੈ, ਜਿਸ ਨਾਲ ਸਕੂਲ ਦਾ ਸਾਲਾਨਾ ਨਤੀਜਾ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਰਿਹਾ ਹੈ | ਨਤੀਜੇ ਵਿਚ ਵਿਦਿਆਰਥਣ ਬਬਨਪ੍ਰੀਤ ਕੌਰ ਗੰਗੋਹਰ ਪੁੱਤਰੀ ਕੁਲਵਿੰਦਰ ਸਿੰਘ ਨੇ 86 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ, ਸਿਮਰਤਪ੍ਰੀਤ ਕੌਰ ਗੰਗੋਹਰ ਪੁੱਤਰੀ ਲਛਮਣ ਸਿੰਘ ਨੇ 85 ਪ੍ਰਤੀਸ਼ਤ ਅੰਕਾਂ ਨਾਲ ਦੂਸਰਾ ਅਤੇ ਰਮਨਜੋਤ ਕੌਰ ਮਹਿਲ ਕਲਾਂ ਪੁੱਤਰੀ ਬੂਟਾ ਸਿੰਘ ਨੇ 83 ਪ੍ਰਤੀਸ਼ਤ ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕਰਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਂਅ ਚਮਕਾਇਆ | ਉਨ੍ਹਾਂ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕਾਮਨਾ ਕੀਤੀ | ਪਿ੍ੰਸੀਪਲ ਰਣਜੀਤ ਸਿੰਘ ਰਾਏ ਨੇ ਆਖਿਆ ਕਿ ਸ਼ਾਨਦਾਰ ਨਤੀਜਿਆਂ ਦਾ ਸਿਹਰਾ ਤਜਰਬੇਕਾਰ ਸਟਾਫ਼ ਤੇ ਮਿਹਨਤੀ ਵਿਦਿਆਰਥੀਆਂ ਨੂੰ ਜਾਂਦਾ ਹੈ | ਇਸ ਮੌਕੇ ਪਿ੍ੰਸੀਪਲ ਰਣਜੀਤ ਸਿੰਘ ਤੇ ਸਟਾਫ਼ ਵਲੋਂ ਹੋਣਹਾਰ ਬੱਚਿਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ | ਇਸ ਸਮੇਂ ਵਾਈਸ ਪਿ੍ੰਸੀਪਲ ਬਲਵੀਰ ਕੌਰ, ਪਰਦੀਪ ਕੌਰ, ਮਨਪ੍ਰੀਤ ਕੌਰ ਬੜਿੰਗ ਆਦਿ ਹਾਜ਼ਰ ਸਨ |