ਡਡਵਿੰਡੀ, 12 ਮਈ (ਦਿਲਬਾਗ ਸਿੰਘ ਝੰਡ)-ਪੀ.ਆਰ.ਟੀ.ਸੀ. ਕਪੂਰਥਲਾ ਡੀਪੂ ਦੇ ਬੱਸ ਕੰਡਕਟਰ ਬੋਹੜ ਸਿੰਘ ਨੂੰ ਬੱਸ ਵਿਚ ਪਿਸਤੌਲ ਦਿਖਾ ਕੇ ਮਾਰ ਦੇਣ ਦੀਆਂ ਧਮਕੀਆਂ ਦੇਣ ਤੇ ਸਵਾਰੀਆਂ ਨਾਲ ਭਰੀ ਹੋਈ ਬੱਸ ਵਿਚ ਗਾਲੀ ਗਲੋਚ ਕਰਨ ਵਾਲੇ ਪੁਲਸ ਵਿਭਾਗ ਦੇ ਏ.ਐੱਸ.ਆਈ. ਬਲਬੀਰ ਸਿੰਘ ਨੂੰ ਐੱਸ.ਐੱਸ.ਪੀ. ਕਪੂਰਥਲਾ ਦੇ ਆਦੇਸ਼ ਅਨੁਸਾਰ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਏ.ਐੱਸ.ਪੀ. ਧਰੇਂਦਰ ਵਰਮਾ ਨੇ ਮੁਅੱਤਲ ਕਰ ਦਿੱਤਾ ਹੈ ਤੇ ਏ.ਐੱਸ.ਆਈ. ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਤੇ ਵਿਭਾਗੀ ਪੜਤਾਲ ਕਰਨ ਦਾ ਵੀ ਆਦੇਸ਼ ਦਿੱਤਾ ਹੈ | ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਏ.ਐੱਸ.ਆਈ. ਵੱਲੋਂ ਸਵਾਰੀਆਂ ਨਾਲ ਭਰੀ ਹੋਈ ਬੱਸ ਵਿਚ ਕੰਡਕਟਰ ਨੂੰ ਗੰਦੀਆਂ ਗਾਲਾਂ ਦੇਣ ਤੇ ਪਿਸਤੌਲ ਦਿਖਾ ਕੇ ਧਮਕੀਆਂ ਦੇਣ ਦੀ ਵੀਡੀਓ ਤੇਜੀ ਨਾਲ ਵਾਇਰਲ ਹੋਣ ਤੋਂ ਬਾਅਦ ਪੀ.ਆਰ.ਟੀ.ਸੀ. ਬੱਸ ਦੇ ਕੰਡਕਟਰ ਬੋਹੜ ਸਿੰਘ ਨੇ ਆਪਣੇ ਸਾਥੀ ਕਰਮਚਾਰੀਆਂ ਨਾਲ ਜਾ ਕੇ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਸੀ, ਜਿਸ ਤੇ ਕਾਰਵਾਈ ਕਰਦਿਆਂ ਏ.ਐੱਸ. ਪੀ. ਧਰੇਂਦਰ ਵਰਮਾ ਆਈ.ਪੀ.ਐੱਸ. ਨੇ ਏ.ਐੱਸ.ਆਈ. ਬਲਬੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਸਿਫ਼ਾਰਿਸ਼ ਕੀਤੀ ਹੈ | ਦੂਜੇ ਪਾਸੇ ਬੱਸ ਵਿਚ ਸਫ਼ਰ ਕਰ ਰਹੇ ਏ.ਐੱਸ.ਆਈ. ਬਲਬੀਰ ਸਿੰਘ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਮੈ ਬੀ.ਪੀ. ਦਾ ਮਰੀਜ਼ ਹਾਂ ਤੇ ਅਚਾਨਕ ਮੇਰਾ ਬੀ.ਪੀ. ਵੱਧ ਜਾਣ ਕਾਰਨ ਮੇਰੇ ਕੋਲੋਂ ਗ਼ਲਤੀ ਹੋਈ ਹੈ | ਉਨ੍ਹਾਂ ਇਹ ਵੀ ਕਿਹਾ ਕਿ ਮੈ ਕਿਸੇ ਨੂੰ ਕਈ ਧਮਕੀ ਨਹੀਂ ਦਿੱਤੀ |