ਰਾਏਕੋਟ, 13 ਮਈ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬੱਸੀਆਂ ਵਿਖੇ ਮਨਰੇਗਾ ਮਜ਼ਦੂਰਾਂ ਅਤੇ ਸੀਟੂ ਵਰਕਰਾਂ ਵਲੋਂ ਚਾਰ ਲੇਬਰ ਕੋਡ ਕਾਨੂੰਨ ਦੀਆਂ ਕਾਪੀਆਂ ਸਾੜ੍ਹੀਆਂ ਗਈਆਂ | ਇਸ ਮੌਕੇ ਕਰਨੈਲ ਸਿੰਘ ਬੱਸੀਆਂ, ਰੁਲਦਾ ਸਿੰਘ ਗੋਬਿੰਦਗੜ੍ਹ ਦੀ ਅਗਵਾਈ ਵਿਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੀਟੂ ਪੰਜਾਬ ਦੇ ਮੀਤ ਪ੍ਰਧਾਨ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਲੇਬਰ ਕੋਡ ਲਾਗੂ ਹੋਣ ਨਾਲ ਮਜ਼ਦੂਰ ਪਹਿਲਾਂ ਪ੍ਰਾਪਤ ਕੀਤੇ ਅਧਿਕਾਰਾਂ ਤੋਂ ਵਾਂਝਾ ਹੋ ਜਾਵੇਗਾ, ਇਸਦੇ ਨਾਲ ਹੀ ਮਜ਼ਦੂਰਾਂ ਦਾ ਯੂਨੀਅਨ ਬਣਾਉਣ ਦਾ ਅਧਿਕਾਰ, ਹੜਤਾਲ ਕਰਨ ਦਾ ਅਧਿਕਾਰ ਅਤੇ ਲੇਬਰ ਮਹਿਕਮੇ ਦਾ ਰੋਲ ਵੀ ਖ਼ਤਮ ਹੋ ਜਾਵੇਗਾ ਅਤੇ ਘੱਟੋ-ਘੱਟ ਉਜ਼ਰਤਾਂ ਵਿਚ ਵਾਧਾ ਕਰਵਾਉਣ ਲਈ ਫ਼ੈਕਟਰੀ ਮਾਲਕ 'ਤੇ ਨਿਰਭਰ ਰਹਿਣਾ ਪਵੇਗਾ | ਇਸ ਮੌਕੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਦੇ ਕਿਹਾ ਕਿ ਕੇਂਦਰ ਸਰਕਾਰ ਦੇ 8 ਮਈ ਦੇ ਆਦੇਸ਼ ਅਨੁਸਾਰ 30 ਜੂਨ ਨੂੰ ਮਨਰੇਗਾ ਕਾਨੂੰਨ ਮੁਕੰਮਲ ਰੂਪ ਵਿਚ ਖ਼ਤਮ ਹੋ ਜਾਵੇਗਾ ਅਤੇ ਇਸ ਤੋਂ ਬਾਅਦ 'ਜੀ ਰਾਮ ਜੀ' ਕਾਨੂੰਨ ਲਾਗੂ ਹੋ ਜਾਵੇਗਾ, ਜਿੱਥੇ ਮਨਰੇਗਾ ਕਾਨੂੰਨ ਵਿਚ ਮੰਗਣ 'ਤੇ ਕੰਮ ਦੀ ਵਿਵਸਥਾ ਸੀ, ਉੱਥੇ ਹੀ 'ਜੀ ਰਾਮ ਜੀ' ਕਾਨੂੰਨ ਵਿਚ ਮਜ਼ਦੂਰਾਂ ਨੂੰ ਆਪਣੇ ਹੱਕਾਂ ਤੋਂ ਸੱਖਣਾ ਰਹਿਣਾ ਪਵੇਗਾ | ਅਖ਼ੀਰ ਵਿਚ ਪ੍ਰਕਾਸ਼ ਸਿੰਘ ਬਰ੍ਹਮੀ ਨੇ ਕਿਹਾ ਕਿ ਮਨਰੇਗਾ ਕਾਨੂੰਨ ਨੂੰ ਬਹਾਲ ਕਰਵਾਉਣ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ |