ਜਗਰਾਉਂ, 24 ਮਈ (ਸ਼ਮਸ਼ੇਰ ਸਿੰਘ ਗਾਲਿਬ)- ਵਾਰਡ ਨੰਬਰ-2 ਵਿਚ ਚੋਣੀ ਮਾਹੌਲ ਦਿਨੋਂ-ਦਿਨ ਗਰਮ ਹੁੰਦਾ ਜਾ ਰਿਹਾ ਹੈ | ਆਮ ਆਦਮੀ ਪਾਰਟੀ ਦੀ ਉਮੀਦਵਾਰ ਜਗਜੀਤ ਸਿੰਘ ਜੱਗੀ ਲਗਾਤਾਰ ਦੂਜੀ ਵਾਰ ਚੋਣ ਮੈਦਾਨ ਵਿੱਚ ਉਤਰੀ ਹੈ ਅਤੇ ਉਨ੍ਹਾਂ ਦੇ ਹੱਕ ਵਿਚ ਲੋਕਾਂ ਦਾ ਉਤਸ਼ਾਹ ਤੇ ਸਮਰਥਨ ਵਧਦਾ ਦਿਖਾਈ ਦੇ ਰਿਹਾ ਹੈ | 2 ਨੰਬਰ ਵਾਰਡ ਵਿੱਚ 'ਜੱਗੀ-ਜੱਗੀ' ਦੇ ਨਾਅਰੇ ਲਗਾਤਾਰ ਸੁਣਾਈ ਦੇ ਰਹੇ ਹਨ, ਜਿਸ ਕਾਰਨ ਚੋਣੀ ਮਾਹੌਲ ਹੋਰ ਵੀ ਦਿਲਚਸਪ ਬਣ ਗਿਆ ਹੈ | ਚੋਣ ਪ੍ਰਚਾਰ ਦੌਰਾਨ ਵਾਰਡ ਵਾਸੀਆਂ ਵਲੋਂ ਜੱਗੀ ਨੂੰ ਭਰਪੂਰ ਹੁੰਗਾਰਾ ਮਿਲਣ ਦੇ ਦਾਅਵੇ ਕੀਤੇ ਜਾ ਰਹੇ ਹਨ | ਸਮੱਰਥਕਾਂ ਦਾ ਕਹਿਣਾ ਹੈ ਕਿ ਉਮੀਦਵਾਰ ਨੇ ਪਹਿਲਾਂ ਵੀ ਲੋਕਾਂ ਨਾਲ ਜੁੜ ਕੇ ਕੰਮ ਕੀਤਾ ਹੈ, ਜਿਸ ਕਾਰਨ ਲੋਕਾਂ ਵਿੱਚ ਉਨ੍ਹਾਂ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ | ਉੱਧਰ, ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੇ ਚੋਣ ਪ੍ਰਚਾਰ ਵਿਚ ਸਰਗਰਮ ਹੋਣ ਨਾਲ ਵੀ ਚੋਣੀ ਮਾਹੌਲ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਦੀਆਂ ਚੋਣ ਮੀਟਿੰਗਾਂ ਅਤੇ ਘਰ-ਘਰ ਜਾ ਕੇ ਕੀਤੇ ਜਾ ਰਹੇ ਪ੍ਰਚਾਰ ਨੇ ਵਾਰਡ ਦੀ ਚੋਣੀ ਦਿਸ਼ਾ ਨੂੰ ਨਵਾਂ ਰੁਖ ਦੇਣ ਦੀ ਚਰਚਾ ਛੇੜ ਦਿੱਤੀ ਹੈ | ਵਾਰਡ ਵਾਸੀਆਂ ਦਾ ਮੰਨਣਾ ਹੈ ਕਿ ਇਸ ਵਾਰ ਚੋਣ ਮੁਕਾਬਲਾ ਕਾਫ਼ੀ ਦਿਲਚਸਪ ਹੋਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਪ੍ਰਚਾਰ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ |