ਜਗਰਾਉਂ, 24 ਮਈ (ਸ਼ਮਸ਼ੇਰ ਸਿੰਘ ਗਾਲਿਬ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਆਪਣੇ ਆਖਰੀ ਪੜਾਅ 'ਚ ਪਹੁੰਚ ਚੁੱਕਾ ਹੈ ਅਤੇ ਉਮੀਦਵਾਰਾਂ ਵਲੋਂ ਲੋਕਾਂ ਨਾਲ ਸੰਪਰਕ ਤੇਜ਼ ਕੀਤਾ ਜਾ ਰਿਹਾ ਹੈ | ਇਸੇ ਤਹਿਤ 22 ਨੰਬਰ ਵਾਰਡ ਵਿਚ ਕਾਂਗਰਸੀ ਉਮੀਦਵਾਰ ਐਡਵੋਕੇਟ ਵਰਿੰਦਰ ਸਿੰਘ ਕਲੇਰ ਦੇ ਹੱਕ ਵਿੱਚ ਇਕ ਵੱਡਾ ਇਕੱਠ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਅਤੇ ਸਮੱਰਥਕਾਂ ਨੇ ਹਾਜ਼ਰੀ ਭਰੀ | ਇਸ ਮੌਕੇ ਐਡਵੋਕੇਟ ਵਰਿੰਦਰ ਸਿੰਘ ਕਲੇਰ ਵਲੋਂ ਰੋਡ ਸ਼ੋਅ ਵੀ ਕੱਢਿਆ ਗਿਆ, ਜਿਸ ਦੌਰਾਨ ਲੋਕਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ | ਰੋਡ ਸ਼ੋਅ ਵਿਚ ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਦੀ ਵੱਡੀ ਭਾਗੀਦਾਰੀ ਦੇਖਣ ਨੂੰ ਮਿਲੀ | ਸਮਰਥਕਾਂ ਵਲੋਂ ਨਾਅਰੇਬਾਜ਼ੀ ਕਰਦਿਆਂ ਆਪਣੇ ਉਮੀਦਵਾਰ ਦੇ ਹੱਕ ਵਿੱਚ ਭਰਪੂਰ ਸਮੱਰਥਨ ਦਾ ਪ੍ਰਗਟਾਵਾ ਕੀਤਾ ਗਿਆ | ਇਸ ਦੌਰਾਨ ਲੋਕਾਂ ਨੇ ਕਿਹਾ ਕਿ ਐਡਵੋਕੇਟ ਵਰਿੰਦਰ ਸਿੰਘ ਕਲੇਰ ਇਕ ਇਮਾਨਦਾਰ ਅਤੇ ਲੋਕਾਂ ਦੇ ਸੁੱਖ-ਦੁੱਖ ਵਿਚ ਖੜ੍ਹਨ ਵਾਲੇ ਉਮੀਦਵਾਰ ਹਨ | ਉਨ੍ਹਾਂ ਕਿਹਾ ਕਿ ਵਾਰਡ ਦੇ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਉਹ ਸਹੀ ਚੋਣ ਸਾਬਤ ਹੋ ਸਕਦੇ ਹਨ | ਐਡਵੋਕੇਟ ਵਰਿੰਦਰ ਸਿੰਘ ਕਲੇਰ ਨੇ ਲੋਕਾਂ ਵੱਲੋਂ ਮਿਲ ਰਹੇ ਸਮੱਰਥਨ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਲੋਕਾਂ ਦਾ ਪਿਆਰ ਅਤੇ ਭਰੋਸਾ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ | ਉਨ੍ਹਾਂ ਕਿਹਾ ਕਿ ਜੇਕਰ ਲੋਕ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਵਾਰਡ ਦੇ ਵਿਕਾਸ ਨੂੰ ਪਹਿਲ ਦੇ ਆਧਾਰ 'ਤੇ ਅੱਗੇ ਵਧਾਇਆ ਜਾਵੇਗਾ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਲੋਕਾਂ ਵਲੋਂ ਮਿਲ ਰਹੇ ਭਾਰੀ ਸਮਰਥਨ ਦੇ ਆਧਾਰ 'ਤੇ ਉਹ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ | ਇਸ ਮੌਕੇ ਆੜਤੀਆ ਐਸ਼ੋਸੀਏਸ਼ਨ ਦੇ ਪ੍ਰਧਾਨ ਘਨੱਈਆ ਗੁਪਤਾ ਬਾਂਕਾ ਨੇ ਆਖਿਆ ਕਿ ਸ਼ਹਿਰ ਨੂੰ ਅਜਿਹੇ ਇਮਾਨਦਾਰ ਉਮੀਦਵਾਰਾਂ ਦੀ ਵੱਡੀ ਲੋੜ ਹੈ, ਕਿਉੰਕਿ ਪਛੜਿਆ ਸ਼ਹਿਰ ਵਿਕਾਸ ਮੰਗਦਾ ਹੈ | ਇਸ ਸਮੇਂ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸੁਖਵਿੰਦਰ ਸਿੰਘ ਸਿੱਧੂ, ਸਾਬਕਾ ਕੌਸਲਰ ਅਨਮੋਲ ਗੁਪਤਾ, ਪ੍ਰਧਾਨ ਅੰਕੁਰ ਗੁਪਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਰਿੰਦਰ ਸਿੰਘ ਕਲੇਰ ਇਕ ਵਧੀਆ ਉਮੀਦਵਾਰ ਹੈ ਇਸ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ |