ਜਗਰਾਉਂ, 24 ਮਈ (ਸ਼ਮਸ਼ੇਰ ਸਿੰਘ ਗਾਲਿਬ)-ਨਗਰ ਕੌਂਸਲ ਜਗਰਾਉਂ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਸੰਬੰਧੀ ਵਾਰਡ ਨੰਬਰ-1 ਤੋਂ ਬੀਬੀ ਪਰਮਜੀਤ ਕੌਰ ਸੇਵਾਮੁਕਤ ਈ.ਟੀ.ਟੀ ਅਧਿਆਪਕਾ ਪਤਨੀ ਅਮਨਦੀਪ ਸਿੰਘ ਦੇ ਹੱਕ ਵਿਚ ਚੋਣ ਜਲਸੇ ਦੌਰਾਨ ਲੋਕਾਂ ਦੇ ਵਿਸ਼ਾਲ ਇਕੱਠ ਨੇ 'ਆਪ' ਉਮੀਦਵਾਰ ਦੇ ਹੱਕ ਵਿਚ ਲਹਿਰ ਬਣਾ ਦਿੱਤੀ ਹੈ | ਇਸ ਮੌਕੇ ਹੋਏ ਚੋਣ ਜਲਸੇ ਵਿਚ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, 'ਆਪ' ਦੇ ਸੀਨੀਅਰ ਆਗੂ ਪ੍ਰੋ: ਸੁੱਖਵਿੰਦਰ ਸਿੰਘ ਅਤੇ ਜ਼ਿਲ੍ਹਾ ਕੋਆਰਡੀਨੇਟਰ ਬਿਕਰਮਜੀਤ ਸਿੰਘ ਥਿੰਦ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਬੀਬੀ ਮਾਣੂੰਕੇ ਨੇ ਕਿਹਾ ਕਿ 'ਆਪ' ਉਮੀਦਵਾਰਾਂ ਨੂੰ ਮਿਲ ਰਿਹਾ ਸਮਰਥਨ ਅਤੇ ਚੋਣ ਜਸਲਿਆਂ ਵਿਚ ਹੋ ਰਹੇ ਲੋਕਾਂ ਦੇ ਭਰਵੇਂ ਇਕੱਠ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਲੋਕ 'ਆਪ' ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਮਨ ਬਣਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਵਾਰਡ ਨੰਬਰ-1 ਤੋਂ ਬੀਬੀ ਪਰਮਜੀਤ ਕੌਰ ਪੜ੍ਹੇ-ਲਿਖੇ, ਸੂਝਵਾਨ ਅਤੇ ਨਵੇਂ ਉਮੀਦਵਾਰ ਹਨ ਅਤੇ ਪਹਿਲਾਂ ਉਹ ਸਿੱਖਿਆ ਵਿਭਾਗ ਵਿਚ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਉਹ ਲੋਕਾਂ ਦੀ ਸੇਵਾ ਅਤੇ ਆਪਣੇ ਵਾਰਡ ਦੇ ਵਿਕਾਸ ਲਈ ਚੋਣ ਮੈਂਦਾਨ ਵਿਚ ਆਏ ਹਨ ਅਤੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਕਾਮਯਾਬ ਕਰੋ | ਉਨ੍ਹਾਂ ਕਿਹਾ ਕਿ ਨਗਰ ਕੌਂਸਿਲ ਦੇ ਪਿਛਲੇ ਕਾਰਜਕਾਲ ਦੌਰਾਨ ਕੁਝ ਕੌਂਸਲਰਾਂ ਵਲੋਂ ਵੱਖ-ਵੱਖ ਸ਼ਹਿਰ ਦੇ ਵਿਕਾਸ ਕੰਮਾਂ ਵਿਚ ਅੜਿਕੇ ਲਗਾਏ ਗਏ, ਪਰ ਹੁਣ ਲੋਕ ਸ਼ਹਿਰ ਦਾ ਹਰ ਪੱਖ ਤੋਂ ਵਿਕਾਸ ਕਰਵਾਉਣ ਲਈ 'ਆਪ' ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ | ਇਸ ਮੌਕੇ 'ਆਪ' ਦੇ ਸੀਨੀਅਰ ਆਗੂ ਪ੍ਰੋ: ਸੁਖਵਿੰਦਰ ਸਿੰਘ ਅਤੇ ਜ਼ਿਲ੍ਹਾ ਕੋਆਰਡੀਨੇਟਰ ਬਿਕਰਮਜੀਤ ਸਿੰਘ ਥਿੰਦ ਨੇ ਕਿਹਾ ਕੇ ਵਾਰਡ ਨੰਬਰ-1 ਵਿਚ ਚੋਣ ਜਲਸੇ ਵਿਚ ਲੋਕਾਂ ਦੀ ਇਕੱਤਰਤਾ ਨੇ ਬੀਬੀ ਪਰਮਜੀਤ ਕੌਰ ਦੀ ਜਿੱਤ ਯਕੀਨੀ ਬਣਾ ਦਿੱਤੀ ਹੈ | ਉਨ੍ਹਾਂ ਕਿਹਾ ਕਿ 26 ਮਈ ਨੂੰ ਆਪਣਾ ਇਕ-ਇਕ ਵੋਟ ਚੋਣ ਨਿਸ਼ਾਨ ਝਾੜੂ 'ਤੇ ਪਾ ਕੇ ਬੀਬੀ ਪਰਮਜੀਤ ਕੌਰ ਨੂੰ ਕਾਮਯਾਬ ਕਰੋ | ਇਸ ਮੌਕੇ ਉਮੀਦਵਾਰ ਬੀਬੀ ਪਰਮਜੀਤ ਕੌਰ ਨੇ ਕਿ ਉਨ੍ਹਾਂ ਦਾ ਮਕਸਦ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਨਾ ਅਤੇ ਵਾਰਡ ਦੇ ਰਹਿੰਦੇ ਵਿਕਾਸ ਦੇ ਕੰਮਾਂ ਨੂੰ ਕਰਵਾਉਣਾ ਹੈ | ਉਨ੍ਹਾਂ ਲੋਕਾਂ ਵਲੋਂ ਦਿੱਤੇ ਜਾ ਰਹੇ ਵੱਡੇ ਸਮਰਥਨ ਲਈ ਧੰਨਵਾਦ ਕੀਤਾ |