ਜਗਰਾਉਂ, 25 ਮਈ (ਸ਼ਮਸ਼ੇਰ ਸਿੰਘ ਗਾਲਿਬ)-ਸਥਾਨਕ ਵਾਰਡ ਨੰਬਰ 22 ਤੋਂ ਕਾਂਗਰਸ ਦੇ ਉਮੀਦਵਾਰ ਵਰਿੰਦਰ ਸਿੰਘ ਕਲੇਰ ਵਲੋਂ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਕਰਦਿਆਂ ਜਿਤਾਉਣ ਦੀ ਅਪੀਲ ਕੀਤੀ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ਆਪਣੀ ਇਕ-ਇਕ ਵੋਟ ਚੋਣ ਨਿਸ਼ਾਨ ਪੰਜੇ 'ਤੇ ਮੋਹਰ ਲਗਾ ਕੇ ਉਨ੍ਹਾਂ ਨੂੰ ਪਾਉ ਤਾਂ ਜੋ ਵਾਰਡ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਇਆ ਜਾ ਸਕੇ | ਉਮੀਦਵਾਰ ਵਰਿੰਦਰ ਸਿੰਘ ਕਲੇਰ ਨੇ ਕਿਹਾ ਕਿ ਚੋਣ ਮੁਹਿੰਮ ਦੌਰਾਨ ਵੱਖ-ਵੱਖ ਮੁਹੱਲਿਆਂ 'ਚ ਉਨ੍ਹਾਂ ਨੂੰ ਲੋਕਾਂ ਦਾ ਵੱਡਾ ਸਾਥ ਮਿਲਿਆ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ ਅਤੇ ਉਨ੍ਹਾਂ ਨੇ ਹਮੇਸ਼ਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਅਤੇ ਵਾਰਡ ਦੇ ਵਿਕਾਸ ਦੇ ਕੰਮ ਕਰਵਾਉਣ ਨੂੰ ਤਰਜ਼ੀਹ ਦਿੱਤੀ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਪਿਛਲੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਸਵ: ਮਾਤਾ ਕੌਂਸਲਰ ਕਮਲਜੀਤ ਕੌਰ ਕਲੇਰ ਦੀ ਅਗਵਾਈ 'ਚ ਸਾਡੇ ਪਰਿਵਾਰ ਨੇ ਹਮੇਸ਼ਾਂ ਵਾਰਡ ਦੇ ਲੋਕਾਂ ਦੇ ਕੰਮ ਕਰਵਾਏ ਹਨ | ਉਨ੍ਹਾਂ ਕਿਹਾ ਕਿ ਇਸ ਵਾਰ ਫਿਰ ਉਨ੍ਹਾਂ ਨੂੰ ਜਿਤਾ ਕੇ ਕਾਮਯਾਬ ਕੀਤਾ ਜਾਵੇ ਤਾਂ ਜੋ ਉਹ ਅੱਗੇ ਵੀ ਲੋਕਾਂ ਦੀ ਸੇਵਾ ਕਰਨ ਸਕਣ |