ਭੂੰਦੜੀ, 25 ਮਈ (ਕੁਲਦੀਪ ਸਿੰਘ ਮਾਨ)-ਸੇਂਟ ਜੇਵੀਅਰ ਕਾਨਵੈਂਟ ਸਕੂਲ ਕੀੜੀ (ਲੁਧਿਆਣਾ) ਦੇ ਵਿਦਿਆਰਥੀਆਂ ਨੇ ਆਪਣੀ ਕਾਮਯਾਬੀ ਦੀ ਲੜੀ ਜਾਰੀ ਰੱਖਦਿਆਂ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਨੌਰਥ ਜ਼ੋਨ) ਵਲੋਂ ਕਰਵਾਏ ਗਏ ਅੰਗਰੇਜ਼ੀ ਭਾਸ਼ਾ ਦੇ ਡਿਜ਼ੀਟਲ ਸਟੋਰੀ ਟੈਲਿੰਗ ਮੁਕਾਬਲੇ 'ਚ ਦੂਜਾ ਸਥਾਨ ਹਾਸਿਲ ਕੀਤਾ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਜਸਵੰਤ ਕੌਰ ਢੱਟ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ 'ਚੋਂ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਅਵਰੀਨ ਕੌਰ ਅਤੇ ਮੰਨਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਮੁਕਾਬਲੇ ਦੌਰਾਨ ਸਕਰੀਨ 'ਤੇ ਚੱਲ ਰਹੀਆਂ ਤਸਵੀਰਾਂ ਦੇ ਅਨੁਸਾਰ ਕਹਾਣੀ ਨੂੰ ਹਾਵ-ਭਾਵ ਅਤੇ ਆਤਮ-ਵਿਸ਼ਵਾਸ ਨਾਲ ਪੇਸ਼ ਕਰਨਾ ਸੀ, ਜਿਸ ਨੂੰ ਵਿਦਿਆਰਥਣਾਂ ਨੇ ਅੰਗਰੇਜ਼ੀ ਅਧਿਆਪਕਾ ਸ੍ਰੀਮਤੀ ਖੁਸ਼ਦੀਪ ਕੌਰ ਦੀ ਰਹਿਨੁਮਾਈ ਹੇਠ ਬਾਖੂਬੀ ਨਿਭਾਇਆ | ਸਕੂਲ ਦੇ ਚੇਅਰਮੈਨ ਪ੍ਰਗਟ ਸਿੰਘ ਸੰਘਾ, ਮੈਨੇਜਿੰਗ ਡਾਇਰੈਕਟਰ ਮਨਦੀਪ ਸਿੰਘ ਢੱਟ ਅਤੇ ਪਿ੍ੰਸੀਪਲ ਸ੍ਰੀਮਤੀ ਜਸਵੰਤ ਕੌਰ ਢੱਟ ਨੇ ਜੇਤੂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |