ਜਗਰਾਉਂ, 25 ਮਈ (ਵਿਨੋਦ ਕੁਮਾਰ)-ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਕਾਮਰਸ ਦੇ ਰਿਟੇਲ ਵਿਸ਼ੇ ਦੇ ਵਿਦਿਆਰਥੀਆਂ ਨੇ ਕ੍ਰੈਮਿਕਾ ਫੂਡ ਕੰਪਨੀ ਫਿਲੌਰ ਵਿਖੇ 2 ਰੋਜ਼ਾ ਉਦਯੋਗਿਕ ਦੌਰਾ ਕੀਤਾ | ਇਸ ਦੌਰੇ ਦਾ ਮਕਸਦ ਵਿਦਿਆਰਥੀਆਂ ਨੂੰ ਫੂਡ ਪ੍ਰੋਸੈਸਿੰਗ ਇੰਡਸਟਰੀ ਦੇ ਕੰਮਕਾਜ, ਉਤਪਾਦਨ ਪ੍ਰਕਿਰਿਆ ਅਤੇ ਰਿਟੇਲ ਮੈਨੇਜਮੈਂਟ ਬਾਰੇ ਵਿਹਾਰਕ ਜਾਣਕਾਰੀ ਦੇਣਾ ਸੀ | ਸੰਸਥਾ ਦੀ ਪਿ੍ੰਸੀਪਲ ਐਂਨਸੀ ਜੋਸਫ਼ ਦੀ ਅਗਵਾਈ ਹੇਠ ਇਹ ਦੌਰਾ ਕਰਵਾਇਆ ਗਿਆ | ਕੰਪਨੀ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਬਿਸਕੁਟ, ਸੌਸ, ਜੈਮ ਅਤੇ ਹੋਰ ਖਾਧ ਪਦਾਰਥਾਂ ਦੀ ਨਿਰਮਾਣ ਪ੍ਰਕਿਰਿਆ, ਕੁਆਲਿਟੀ ਕੰਟਰੋਲ, ਪੈਕੇਜਿੰਗ, ਮਾਰਕੀਟਿੰਗ ਅਤੇ ਡਿਸਟਰੀਬਿਊਸ਼ਨ ਚੈਨਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਪਿ੍ੰ: ਐਂਨਸੀ ਜੋਸਫ਼ ਨੇ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਤਜਰਬਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੈ | ਅਜਿਹੇ ਉਦਯੋਗਿਕ ਦੌਰੇ ਬੱਚਿਆਂ ਨੂੰ ਇੰਡਸਟਰੀ ਦੀਆਂ ਬਾਰੀਕੀਆਂ ਸਮਝਣ ਅਤੇ ਭਵਿੱਖ ਵਿਚ ਕਰੀਅਰ ਦੀ ਸਹੀ ਚੋਣ ਕਰਨ ਵਿਚ ਮਦਦ ਕਰਦੇ ਹਨ | ਉਨ੍ਹਾਂ ਕ੍ਰੈਮਿਕਾ ਫੂਡ ਕੰਪਨੀ ਦੇ ਪ੍ਰਬੰਧਕਾਂ ਦਾ ਵਿਦਿਆਰਥੀਆਂ ਨੂੰ ਕੀਮਤੀ ਸਮਾਂ ਦੇਣ ਲਈ ਧੰਨਵਾਦ ਵੀ ਕੀਤਾ | ਵਿਦਿਆਰਥੀਆਂ ਨੇ ਇਸ ਦੌਰੇ ਨੂੰ ਬਹੁਤ ਹੀ ਗਿਆਨਵਰਧਕ ਅਤੇ ਪ੍ਰੇਰਨਾਦਾਇਕ ਦੱਸਿਆ | ਇਸ ਦੌਰੇ ਵਿਚ ਕਾਮਰਸ ਵਿਭਾਗ ਦੇ ਅਧਿਆਪਕ ਤੇ ਵਿਦਿਆਰਥੀ ਵੀ ਹਾਜ਼ਰ ਸਨ |