ਰਾਏਕੋਟ, 25 ਮਈ (ਬਲਵਿੰਦਰ ਸਿੰਘ ਲਿੱਤਰ)-ਇੰਡੋ-ਕੈਨੇਡੀਅਨ ਇੰਟਰਨੈਸ਼ਨਲ ਸਕੂਲ ਬੱਸੀਆਂ ਵਿਖੇ ਮਈ ਮਹੀਨੇ ਦੀ ਮਾਪੇ-ਅਧਿਆਪਕ ਮਿਲਣੀ ਦੌਰਾਨ ਚਾਰੇ ਹਾਊਸਾਂ ਦੇ ਵਿਚਕਾਰ 'ਈਕੋ-ਫਰੈਂਡਲੀ ਫੂਡ ਫਿਸਟ' ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਚੌਥੀ ਤੋਂ ਬਾਰ੍ਹਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਹ ਮੁਕਾਬਲਾ ਕਰਵਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਚੰਗੀ ਸਿਹਤ ਦੇ ਲਈ ਸਿਹਤਮੰਦ ਭੋਜਨ ਖਾਣ ਦੇ ਲਈ ਅਤੇ ਬਜ਼ਾਰੂ ਫਾਸਟ ਫੂਡ ਤੋਂ ਪ੍ਰਹੇਜ਼ ਕਰਨ ਲਈ ਜਾਗਰੂਕ ਕਰਨਾ ਸੀ | ਸਮੂਹ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਮੁਕਾਬਲੇ ਵਿਚ ਹਿੱਸਾ ਲਿਆ ਅਤੇ ਅਲੱਗ-ਅਲੱਗ ਤਰ੍ਹਾਂ ਦੀਆਂ ਫੂਡ ਆਈਟਮ ਪੇਸ਼ ਕੀਤੀਆਂ | ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਰੰਧਾਵਾ ਅਤੇ ਸਕੂਲ ਪਿ੍ੰਸੀਪਲ ਸਮਰਤਪਾਲ ਕੌਰ ਵਲੋਂ ਮੁਕਾਬਲਿਆਂ ਦਾ ਉਦਘਾਟਨ ਕਰਕੇ ਸਾਰੇ ਹਾਊਸਾਂ ਦਾ ਜਾਇਜ਼ਾ ਲਿਆ ਅਤੇ ਬਣਾਈਆਂ ਗਈਆਂ ਚੀਜ਼ਾਂ ਦਾ ਸਵਾਦ ਚੱਖਿਆ | ਨਿਰੀਖਣ ਦੌਰਾਨ ਨਵਾਬ ਕਪੂਰ ਸਿੰਘ ਹਾਊਸ ਨੇ ਪਹਿਲਾਂ ਸਥਾਨ, ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਹਾਊਸ ਨੇ ਸ਼ਾਂਝੇ ਤੌਰ 'ਤੇ ਦੂਜਾ ਸਥਾਨ, ਜਦਕਿ ਸਰਦਾਰ ਹਰੀ ਸਿੰਘ ਨਲੂਆ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਸਮਰਤਪਾਲ ਕੌਰ ਵਲੋਂ ਚਾਰੇ ਹਾਊਸ ਦੇ ਮੁਖੀਆਂ ਅਤੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਵਲੋਂ ਕੀਤੀ ਗਈ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ |