ਖੰਨਾ, 26 ਮਈ (ਹਰਜਿੰਦਰ ਸਿੰਘ ਲਾਲ)-ਪਲੈਨਟ ਈ ਸਕੂਲ, ਖੰਨਾ ਦੇ ਹੋਣਹਾਰ ਵਿਦਿਆਰਥੀਆਂ ਨੇ ਸ਼ਿਮਲਾ ਵਿਖੇ ਕਰਵਾਈ 7ਵੀਂ ਓਪਨ ਨੈਸ਼ਨਲ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਇਸ ਚੈਂਪੀਅਨਸ਼ਿਪ ਵਿੱਚ ਪੰਜਾਬ, ਮਹਾਰਾਸ਼ਟਰ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਆਦਿ ਵੱਖ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਨੇ ਭਾਗ ਲਿਆ, ਜਿੱਥੇ ਕੜੇ ਮੁਕਾਬਲੇ ਦੇ ਬਾਵਜੂਦ ਪਲੈਨਟ ਈ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਕਾਬਲਿਯਤ ਦਾ ਲੋਹਾ ਮਨਵਾਉਂਦੇ ਹੋਏ ਸ਼ਾਨਦਾਰ ਮੱਲਾਂ ਮਾਰੀਆਂ | ਪ੍ਰਭਗੁਣ ਸਿੰਘ ਸਰਾਂ (ਅੰਡਰ-4) ਨੇ 500 ਮੀਟਰ ਕਵਾਡ ਸਕੇਟਿੰਗ ਵਿੱਚ ਗੋਲਡ ਮੈਡਲ ਹਾਸਲ ਕੀਤਾ | ਉਦੈਵੀਰ ਸਿੰਘ (ਅੰਡਰ-14) ਨੇ 500 ਮੀਟਰ ਇਨਲਾਈਨ ਸਕੇਟਿੰਗ ਵਿੱਚ ਸਿਲਵਰ ਮੈਡਲ ਜਿੱਤਿਆ | ਅਕਾਸ਼ਵੀਰ ਸਿੰਘ ਬੈਨੀਪਾਲ (ਅੰਡਰ-17) ਨੇ 500 ਮੀਟਰ ਇਨਲਾਈਨ ਸਕੇਟਿੰਗ ਵਿੱਚ ਗੋਲਡ ਮੈਡਲ ਆਪਣੇ ਨਾਮ ਕੀਤਾ | ਮਨਵੀਰ ਸਿੰਘ ਬਾਠ (ਅੰਡਰ-19) ਨੇ 500 ਮੀਟਰ ਇਨਲਾਈਨ ਸਕੇਟਿੰਗ ਵਿੱਚ ਗੋਲਡ ਮੈਡਲ ਜਿੱਤ ਕੇ ਸਕੂਲ ਦਾ ਮਾਣ ਵਧਾਇਆ | ਇਸ ਮੌਕੇ ਸਕੂਲ ਪ੍ਰਬੰਧਕ ਸੋਨੀਆ ਧਵਨ, ਪਿ੍ੰਸੀਪਲ ਰਾਕੇਸ਼ ਕੁਮਾਰ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ ਗਈ | ਨਾਲ ਹੀ ਸਕੂਲ ਦੇ ਡੀ.ਪੀ. ਕੁਲਵਿੰਦਰ ਸਿੰਘ ਦੀ ਮਿਹਨਤ, ਲਗਨ ਅਤੇ ਵਿਦਿਆਰਥੀਆਂ ਪ੍ਰਤੀ ਸਮਰਪਣ ਭਾਵਨਾ ਦੀ ਵੀ ਖੂਬ ਪ੍ਰਸ਼ੰਸਾ ਕੀਤੀ ਗਈ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਦੀ ਰਹਿਨੁਮਾਈ ਅਤੇ ਸਖ਼ਤ ਮਿਹਨਤ ਦੇ ਸਦਕਾ ਹੀ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ 'ਤੇ ਇਹ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ | ਸਕੂਲ ਪ੍ਰਬੰਧਕਾਂ ਵੱਲੋਂ ਸਾਰੇ ਜੇਤੂ ਵਿਦਿਆਰਥੀਆਂ ਦੇ ਚਮਕਦਾਰ ਭਵਿੱਖ ਅਤੇ ਹੋਰ ਵੱਡੀਆਂ ਸਫਲਤਾਵਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ |