ਰਾਏਕੋਟ, 27 ਮਈ (ਬਲਵਿੰਦਰ ਸਿੰਘ ਲਿੱਤਰ)-ਅਕਸਰ ਚੋਣਾਂ 'ਚ ਇਹ ਖ਼ਬਰਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ ਕਿ ਕਿਸੇ ਬੂਥ 'ਤੇ ਕੋਈ ਮਰਿਆ ਵਿਅਕਤੀ ਆ ਕੇ ਵੋਟਾਂ ਪਾ ਗਿਆ, ਪਰ ਰਾਏਕੋਟ 'ਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਰਿਆ ਵਿਅਕਤੀ ਇਕ ਕਾਂਗਰਸੀ ਉਮੀਦਵਾਰ ਉੱਪਰ ਆਪਣੀ ਕਿਰਪਾਨ ਨਾਲ ਕਾਤਲਾਨਾ ਹਮਲਾ ਕਰ ਗਿਆ ਹੈ | ਜਿਸ ਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਚੋਣਾਂ ਵਾਲੇ ਦਿਨ ਜੋ ਲੜਾਈ ਵਾਲਾ ਘਟਨਾਕ੍ਰਮ ਰਾਏਕੋਟ ਦੇ ਵਾਰਡ ਨੰਬਰ-04 ਵਿਚ ਹੋਇਆ ਹੈ, ਉਹ ਸਾਰਾ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਕੇ ਕਾਂਗਰਸੀ ਆਗੂਆਂ ਵਲੋਂ ਨਗਰ ਕੌਂਸਲ ਚੋਣਾਂ ਜਿੱਤਣ ਦੇ ਇਰਾਦੇ ਨਾਲ ਕੀਤਾ ਗਿਆ ਹੈ ਕਿਉਂਕਿ 'ਆਪ' ਸਰਕਾਰ ਵਲੋਂ ਕੀਤੇ ਗਏ ਵਿਕਾਸ ਕੰਮਾਂ ਦੇ ਅਧਾਰ 'ਤੇ ਸ਼ਹਿਰ ਦੇ ਵੋਟਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਸਨ | ਜਿਸ ਤੋਂ ਬੁਖਲਾਹਟ ਵਿਚ ਆ ਕੇ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ ਨੇ ਉਨ੍ਹਾਂ ਦੇ ਸਮਰਥਕ ਬਿੰਦਰਜੀਤ ਸਿੰਘ ਉੱਪਰ ਵੋਟਾਂ ਤੋਂ ਪਹਿਲਾਂ ਵਾਲੀ ਰਾਤ ਨੂੰ ਕਾਤਲਾਨਾ ਹਮਲਾ ਕਰ ਦਿੱਤਾ, ਜਿਸ ਦੀ ਰਾਏਕੋਟ ਸਿਟੀ ਥਾਣੇ ਵਿਚ ਬਕਾਇਦਾ ਐੱਫ.ਆਈ.ਆਰ ਦਰਜ ਹੋਈ ਹੈ | ਇਸੇ ਨੂੰ ਕਰਾਸ ਕੇਸ ਵਿਚ ਬਦਲਣ ਲਈ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਨਿਸ਼ਾਨਾ ਬਣਾ ਕੇ ਜਗਦੇਵ ਸਿੰਘ ਗਿੱਲ ਨੇ ਆਪਣੇ ਉੱਪਰ ਹਮਲਾ ਕਰਵਾਇਆ ਹੈ ਤਾਂ ਕਿ ਕਰਾਸ ਕੇਸ ਬਣਾ ਕੇ ਉਸ ਉੱਪਰ ਦਰਜ ਹੋਏ ਮੁਕੱਦਮੇ ਨੂੰ ਰੱਦ ਕਰਵਾਇਆ ਜਾ ਸਕੇ | ਉਨ੍ਹਾਂ ਕਾਂਗਰਸ ਪਾਰਟੀ ਉੱਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਸਮਰਥਕ ਬਿੰਦਰਜੀਤ ਸਿੰਘ ਗਿੱਲ ਉੱਪਰ ਮੁਕੱਦਮਾ ਕਰਵਾਇਆ ਹੀ ਹੈ, ਉੱਥੇ ਬਿੰਦਰਜੀਤ ਸਿੰਘ ਗਿੱਲ ਦੇ ਚਾਰ ਸਾਲ ਪਹਿਲਾਂ ਸਵਰਗਵਾਸ ਹੋ ਚੁੱਕੇ ਚਾਚੇ ਤੋਚੀ ਉੱਪਰ ਵੀ ਕਿਰਪਾਨ ਨਾਲ ਹਮਲਾ ਕਰਨ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਹੈ, ਜੋ ਸਾਬਿਤ ਕਰਦਾ ਹੈ ਕਿ ਕਾਂਗਰਸੀ ਆਗੂ ਕਿਸ ਕਦਰ ਬੁਖਲਾਹਟ ਵਿਚ ਆਏ ਹੋਏ ਹਨ | ਉਨ੍ਹਾਂ ਇਕ ਵੀਡੀਓ ਜਾਰੀ ਕਰਕੇ ਕਾਂਗਰਸੀ ਐੱਮ.ਪੀ ਡਾ.ਅਮਰ ਸਿੰਘ ਉੱਪਰ ਦੋਸ਼ ਲਗਾਏ ਕਿ ਉਨ੍ਹਾਂ ਨੇ ਇਕ ਚੋਣ ਸਭਾ 'ਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਚਿਤਾਵਨੀ ਦੇਣ ਵਾਲੇ ਲਹਿਜ਼ੇ 'ਚ ਕਿਹਾ ਸੀ ਕਿ 'ਡਾ. ਅਮਰ ਸਿੰਘ ਹੈਗਾ, ਸਰਕਾਰ ਤੁਹਾਡੀ ਹੈ, ਫਿਰ ਵੀ ਪੁਲਿਸ ਵਾਲੇ ਤੁਹਾਨੂੰ ਹੀ ਫੜ੍ਹਨਗੇ' | ਇਸੇ ਸਾਜਿਸ਼ ਤਹਿਤ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਚੋਣ ਤੋਂ ਦੂਰ ਰੱਖਣ ਲਈ ਇਹ ਖੇਡ ਖੇਡੀ ਗਈ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਸਾਰੇ ਵਾਰਡਾਂ ਵਿਚ ਸਾਫ਼-ਸੁੱਥਰੇ ਅਕਸ ਵਾਲੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ, ਉੱਥੇ ਵਾਰਡ ਨੰਬਰ-04 ਤੋਂ ਕਾਂਗਰਸ ਵਲੋਂ ਉਤਾਰਿਆ ਗਿਆ ਉਮੀਦਵਾਰ ਜਗਦੇਵ ਸਿੰਘ ਜੱਗਾ ਗਿੱਲ ਦਾ ਪਿਛੋਕੜ ਅਪਰਾਧਿਕ ਹੈ, ਜੋ ਸਾਬਿਤ ਕਰਦਾ ਹੈ ਕਿ ਡਾ. ਅਮਰ ਸਿੰਘ ਲੋਕਾਂ ਨੂੰ ਲੜਾਉਣ ਦੀ ਰਾਜਨੀਤੀ ਤਹਿਤ ਹਲਕੇ 'ਚ ਕੰਮ ਕਰ ਰਹੇ ਹਨ |