ਸਿੱਧਵਾਂ ਬੇਟ, 27 ਮਈ (ਜਸਵੰਤ ਸਿੰਘ ਸਲੇਮਪੁਰੀ)-ਭਲੇ ਹੀ ਕਈ ਵਾਤਾਵਰਨ ਪ੍ਰੇਮੀਆਂ ਜਾਂ ਸਮਾਜਸੇਵੀ ਕਲੱਬਾਂ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਇੱਥੋਂ ਕਰੀਬ ਢਾਈ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਵਿਚ ਕਿਸੇ ਨਾ ਕਿਸੇ ਤਰ੍ਹਾਂ ਸਤਲੁਜ ਵਿਚ ਪੈ ਰਹੇ ਬੁੱਢੇ ਨਾਲੇ ਦੇ ਗੰਦੇ ਅਤੇ ਤੇਜ਼ਾਬੀ ਪਾਣੀ ਨੂੰ ਰੋਕਿਆ ਜਾਵੇ | ਭਾਵੇਂ ਇਹ ਕੋਸ਼ਿਸ਼ਾਂ ਲੰਬੇ ਸਮੇਂ ਤੋਂ ਜਾਰੀ ਹਨ ਪਰ ਅਜੇ ਤੱਕ ਸੂਬੇ ਦੀ ਕਿਸੇ ਵੀ ਸਰਕਾਰ ਨੇ ਦਿਨ-ਬ-ਦਿਨ ਪ੍ਰਦੂਸ਼ਿਤ ਹੋ ਰਹੇ ਪਾਣੀ ਨੂੰ ਬਚਾਉਣ ਲਈ ਕੋਈ ਅਹਿਮ ਭੂਮਿਕਾ ਨਹੀਂ ਨਿਭਾਈ ਜਿਸ ਕਾਰਨ ਨਾ ਸਿਰਫ਼ ਦਰਿਆਈ ਪੱਟੀ ਦੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ 'ਚ ਜਾ ਰਹੇ ਹਨ ਸਗੋਂ ਇਸ ਗੰਦੇ ਪਾਣੀ ਨੇ ਦਰਿਆ 'ਚ ਪਲਣ ਵਾਲੀਆਂ ਮੱਛੀਆਂ, ਕਈ ਪ੍ਰਵਾਸੀ ਪੰਛੀਆਂ ਅਤੇ ਜੀਵ-ਜੰਤੂਆਂ ਦੀਆਂ ਨਸਲਾਂ ਹੀ ਖਤਮ ਕਰਕੇ ਰੱਖ ਦਿੱਤੀਆਂ ਹਨ | ਇੱਥੇ ਹੀ ਬੱਸ ਨਹੀਂ ਅਦਾਲਤੀ ਹੁਕਮਾਂ ਦੇ ਬਾਵਜੂਦ ਮੌਜੂਦਾ ਸਰਕਾਰ ਦਰਿਆ ਦੇ ਇਸ ਪਵਿੱਤਰ ਪਾਣੀ ਵਿਚ ਆਪਣੀ ਵੋਟ ਨੀਤੀ ਨੂੰ ਅੱਗੇ ਰੱਖਕੇ ਦਰਿਆ ਵਿਚ ਸ਼ਹਿਰ ਘੋਲਣ ਵਿਚ ਲੱਗੇ ਹੋਏ ਖੁਦਗਰਜ਼ ਲੋਕਾਂ ਸਾਹਮਣੇ ਬੇਵੱਸ ਹੋਈ ਵਿਖਾਈ ਦੇ ਰਹੀ ਹੈ | ਸਬ-ਤਹਿਸੀਲ ਸਿੱਧਵਾਂ ਬੇਟ ਦੇ ਪਿੰਡ ਵਲੀਪੁਰ ਖੁਰਦ ਕੋਲੋਂ ਦਰਿਆ ਸਤਲੁਜ 'ਚ ਪੂਰੀ ਰਫ਼ਤਾਰ ਨਾਲ ਪੈ ਰਹੇ ਬੁੱਢੇ ਨਾਲੇ ਦੇ ਗੰਦੇ ਪਾਣੀ ਨੇ ਦਰਿਆ ਸਤਲੁਜ ਦੇ ਦੋਹੀਂ ਪਾਸੀ ਮਾਲਵਾ ਅਤੇ ਦੁਆਬਾ ਖੇਤਰ ਦੇ ਦਰਜਨਾਂ ਪਿੰਡਾਂ ਦਾ ਪਾਣੀ ਪ੍ਰਦੂਸ਼ਿਤ ਕਰਕੇ ਰੱਖ ਦਿੱਤਾ ਹੈ ਅਤੇ ਜੇਕਰ ਵੇਖਿਆ ਜਾਵੇ ਤਾਂ ਉਕਤ ਪਿੰਡਾਂ ਵਿਚ 700 ਫੁੱਟ ਦੀ ਡੂੰਘਾਈ ਤੱਕ ਵੀ ਧਰਤੀ ਹੇਠਲਾ ਪਾਣੀ ਇਨਸਾਨੀ ਜਾਨਾਂ ਲਈ ਹੀ ਨਹੀਂ ਸਗੋਂ ਸਾਰੇ ਜੀਵ ਜੰਤੂਆਂ ਲਈ ਵੀ ਪੀਣ ਯੋਗ ਨਹੀਂ ਰਿਹਾ | ਉਕਤ ਪਿੰਡਾਂ ਦੇ ਲੋਕ ਆਪਣੇ ਘਰਾਂ ਵਿਚ ਲੱਗੇ ਨਲਕਿਆਂ ਦਾ ਪਾਣੀ ਪੀਣ ਕਾਰਨ ਕੈਂਸਰ, ਕਾਲਾ ਪੀਲੀਆ, ਰੀਹ ਦਾ ਦਰਦ, ਦੰਦਾਂ ਵਿਚ ਪੀਲਾਪਣ, ਛੋਟੀ ਉਮਰੇ ਵਾਲਾ ਦਾ ਚਿੱਟੇ ਹੋਣਾ ਆਦਿ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਇਸ ਸਬੰਧੀ ਕਾਮ. ਬਲਰਾਜ ਸਿੰਘ ਕੋਟਉਮਰਾ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਕੰਢੇ 'ਤੇ ਦੇਸੀ ਸਰਾਬ ਕੱਢਣ ਵਾਲੇ ਕਈ ਸ਼ਰਾਬ ਤਸ਼ਕਰ ਕਈ ਵਾਰ ਇਸ ਗੰਦੇ ਪਾਣੀ ਦੀ ਹੀ ਵਰਤੋਂ ਕਰ ਲੈਂਦੇ ਹਨ ਅਤੇ ਇਹ ਸ਼ਰਾਬ ਪੀਣ ਨਾਲ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ ਜਾ ਪੈਂਦੀਆਂ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪਵਿੱਤਰ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਵਿਚ ਦਾਿਖ਼ਲ ਹੁੰਦੇ ਦਰਿਆ ਸਤਲੁਜ ਦੇ ਦੋਹੀਂ ਪਾਸੀ ਪੰਜਾਬ ਦੀ ਹੱਦ ਤੱਕ ਕਰੀਬ 22 ਵਿਧਾਨ ਸਭਾ ਹਲਕੇ ਪੈਂਦੇ ਹਨ ਪਰ ਅਜੇ ਤੱਕ ਇਨ੍ਹਾਂ ਹਲਕਿਆਂ ਦੇ ਨੇਤਾਵਾਂ ਨੇ ਬਿਆਨਬਾਜ਼ੀ ਤੋਂ ਸਵਾਏ ਹੋਰ ਕੁਝ ਵੀ ਨਹੀਂ ਕੀਤਾ, ਜਿਸ ਕਾਰਨ ਕਈ ਨਾਮੁਰਾਦ ਬਿਮਾਰੀਆਂ ਲੋਕਾਂ ਨੂੰ ਆਪਣੇ ਕਲਾਵੇ ਵਿਚ ਲੈ ਰਹੀਆਂ ਹਨ | ਇਸ ਲਈ ਸਰਕਾਰ ਨੂੰ ਪਹਿਲਕਦਮੀ ਕਰਕੇ ਸਭ ਤੋਂ ਪਹਿਲਾਂ ਬੁੱਢੇ ਨਾਲੇ ਦੀ ਨਿਸ਼ਾਨਦੇਹੀ ਕਰਵਾਉਣ ਉਪਰੰਤ ਇਸ ਦੀ ਖੁਦਾਈ ਕਰਵਾਉਣੀ ਚਾਹੀਦੀ ਹੈ | ਲੋਕਾਂ ਵਲੋਂ ਬੁੱਢੇ ਨਾਲੇ ਦੇ ਰਕਬੇ ਉੱਪਰ ਕੀਤੇ ਕਬਜ਼ੇ ਛੁਡਵਾਉਣੇ ਚਾਹੀਦੇ ਹਨ | ਉਪਰੰਤ ਪਿੰਡ ਵਲੀਪੁਰ ਖੁਰਦ ਨਜ਼ਦੀਕ ਸਤਲੁਜ ਵਿਚ ਪੈ ਰਹੇ ਗੰਦੇ ਪਾਣੀ ਨੂੰ ਰੋਕਕੇ ਇਸ ਗੰਦੇ ਪਾਣੀ ਨੂੰ ਬੁੱਢੇ ਨਾਲੇ 'ਤੇ ਟਰੀਟਮੈਂਟ ਪਲਾਂਟ ਲਗਾਕੇ ਪਾਣੀ ਨੂੰ ਸ਼ੁੱਧ ਕਰਨਾ ਚਾਹੀਦਾ ਹੈ ਜੋ ਅੱਗੇ ਕਿਸਾਨਾਂ ਦੀਆਂ ਫ਼ਸਲਾਂ ਦੀ ਵਰਤੋਂ ਵਿਚ ਆ ਸਕਦਾ ਹੈ | ਨਾਲ ਹੀ ਬੁੱਢੇ ਨਾਲੇ ਦੇ ਕੰਢੇ 'ਤੇ ਛਾਂਦਾਰ ਦਰੱਖਤ ਲਗਾਕੇ ਲੋਕਾਂ ਨੂੰ ਪ੍ਰਦੂਸ਼ਿਣ ਤੋਂ ਹੋਰ ਰਾਹਤ ਦੇਣੀ ਚਾਹੀਦੀ ਹੈ |