ਰਾਏਕੋਟ, 8 ਜੂਨ (ਬਲਵਿੰਦਰ ਸਿੰਘ ਲਿੱਤਰ)-ਜੁਆਇੰਟ ਫੋਰਮ ਅਤੇ ਬਿਜਲੀ ਏਕਤਾ ਮੰਚ ਪੰਜਾਬ ਵੱਲੋਂ ਸ਼ਾਂਝੇ ਤੌਰ 'ਤੇ ਬੀਤੇ ਦਿਨੀਂ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਪਟਿਆਲਾ ਸਾਹਮਣੇ ਰੋਸ ਪ੍ਰਦਰਸ਼ਨ ਕਰ ਰਹੇ ਆਈ.ਟੀ.ਆਈ ਪਾਸ ਬੇਰੁਜ਼ਗਾਰੀ ਦੇ ਝੰਬੇ ਨੌਜਵਾਨਾਂ 'ਤੇ ਪੁਲਿਸ ਵੱਲੋਂ ਕੀਤੇ ਵਹਿਸ਼ੀ ਲਾਠੀਚਾਰਜ ਖਿਲਾਫ਼ ਸ਼ਾਂਝੇ ਤੌਰ 'ਤੇ ਅੱਜ ਪਾਵਰਕਾਮ ਦਫ਼ਤਰ ਰਾਏਕੋਟ ਵਿਖੇ ਰੋਸ ਧਰਨਾ ਦੇ ਕੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਸੰਘਰਸ਼ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ ਨਾਲ ਹੋਏ ਸਮਝੌਤੇ ਨੂੰ ਤੁਰੰਤ ਲਾਗੂ ਕਰੇ | ਆਗੂਆਂ ਨੇ ਅਫ਼ਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਅਦਾਰੇ ਵਿਚ 45 ਹਜ਼ਾਰ ਆਸਾਮੀਆਂ ਖ਼ਾਲੀ ਹੋਣ ਦੇ ਬਾਵਜੂਦ ਵੀ ਯੋਗ ਨੌਜਵਾਨਾਂ ਨੂੰ ਰੋਜ਼ਗਾਰ ਲੈਣ ਲਈ ਲਾਠੀਚਾਰਜ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਹਾਕਮ ਜਮਾਤਾਂ ਦੀ ਕਹਿਣੀ ਤੇ ਕਰਨੀ ਦੇ ਅੰਤਰ ਨੂੰ ਦਰਸਾਉਂਦਾ ਹੈ | ਉਨ੍ਹਾਂ ਪਾਵਰਕਾਮ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਅਪੈਂਟਿਸ ਸਾਥੀਆਂ ਦਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਮੁਲਾਜ਼ਮ ਜਥੇਬੰਦੀਆਂ ਹੋਰ ਵੀ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆਂ | ਇਸ ਮੌਕੇ ਤਰਲੋਚਨ ਸਿੰਘ ਹਠੂਰ ਪ੍ਰਧਾਨ, ਮਨਜਿੰਦਰ ਸਿੰਘ ਸੋਨਾ, ਜਗਮੋਹਣ ਸਿੰਘ ਛੱਜਾਵਾਲ, ਹਰਪ੍ਰੀਤ ਸਿੰਘ ਲੰਮਾ, ਸੁਖਦੇਵ ਸਿੰਘ ਜੇ.ਈ., ਹਰਮਨਜੀਤ ਸਿੰਘ ਸਿੱਧੂ, ਸਾਧੂ ਸਿੰਘ ਬੱਧਨੀ, ਬਲਕਾਰ ਸਿੰਘ ਰਾਏਕੋਟ, ਬਲਦੇਵ ਸਿੰਘ ਸੁਖਾਣਾ, ਜੋਗਿੰਦਰ ਸਿੰਘ ਲੰਮਾ, ਬੂਟਾ ਸਿੰਘ ਸਕੱਤਰ, ਬਲਦੇਵ ਸਿੰਘ ਨੱਥੋਵਾਲ, ਬਲਵਿੰਦਰ ਸਿੰਘ ਤਾਜਪੁਰ, ਦਵਿੰਦਰ ਸਿੰਘ ਜਲਾਲਦੀਵਾਲ, ਸਰਬਜੀਤ ਸਿੰਘ, ਸੁਖਜੀਤ ਸਿੰਘ, ਸੁਰਿੰਦਰ ਸਿੰਘ ਲੰਮਾ, ਰਮੇਸ਼ ਕੁਮਾਰ ਬੱਸੀਆਂ, ਗੁਰਜੀਤ ਸਿੰਘ ਲੰਮਾ, ਬੂਟਾ ਸਿੰਘ, ਰਾਜਿੰਦਰ ਸਿੰਘ, ਪਰਮਿੰਦਰ ਕੁਮਾਰ, ਜਗਦੀਪ ਸਿੰਘ ਲੱਖਾ, ਗਗਨਦੀਪ ਸਿੰਘ ਰਾਏਕੋਟ, ਜਸਵਿੰਦਰ ਸਿੰਘ, ਮੈਡਮ ਸੁਰਿੰਦਰ ਕੌਰ, ਮੈਡਮ ਪੁਨੀਤ ਕੌਰ, ਕਾਜਲ ਆਦਿ ਹਾਜ਼ਰ ਸਨ |