ਮੁੱਲਾਂਪੁਰ-ਦਾਖਾ, 13 ਜੂਨ (ਨਿਰਮਲ ਸਿੰਘ ਧਾਲੀਵਾਲ)-ਜੂਨ 2025 ਦੀ ਤੁਲਨਾ ਵਿਚ ਜੂਨ 2026 ਨੂੰ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1556.60 ਫੁੱਟ ਦੀ ਬਜਾਏ 1578.07 ਫੁੱਟ (ਭਾਵ 21.47 ਫੁੱਟ ਵੱਧ), ਪੌਗ ਡੈਮ ਵਿਚ 1292.78 ਫੁੱਟ ਦੀ ਬਜਾਏ 1328.24 ਫੁੱਟ (ਭਾਵ 35. 46 ਫੁੱਟ ਵੱਧ), ਰਣਜੀਤ ਸਾਗਰ ਡੈਮ 1663.55 ਫੁੱਟ ਦੀ ਬਜਾਏ 1676.05 ਫੁੱਟ (ਭਾਵ 12.50 ਫੁੱਟ ਵੱਧ) ਤੱਕ ਪੁੱਜ ਚੁੱਕਿਆ ਹੈ. ਇਹ ਪ੍ਰਗਟਾਵਾ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਦੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਵਲੋਂ ਕੀਤਾ | ਲਲਤੋਂ ਨੇ ਕਿਹਾ ਕਿ ਪ੍ਰਵਾਨਤ ਪ੍ਰੋਟੋਕੋਲ ਮੁਤਾਬਕ ਭਾਖੜਾ ਡੈਮ ਦਾ ਪੱਧਰ 15 ਮਈ ਤੱਕ (ਭਾਵ ਡੀਪਲੀਸ਼ਨ ਪੀਰੀਅਡ-ਡੈਮ ਨੂੰ ਢੁਕਵਾਂ ਖਾਲੀ ਕਰਨ ਦਾ ਸਮਾਂ) 1462 ਫੁੱਟ ਤੱਕ ਰੱਖਣਾ ਹੁੰਦਾ ਹੈ | 15 ਮਈ ਤੋਂ ਬਾਅਦ (ਫਿਲਿੰਗ ਪੀਰਡ-ਭਰਨ ਦਾ ਸਮਾਂ) ਪਹਾੜੀ ਖੇਤਰਾਂ 'ਚ ਬਰਫ ਦੇ ਤੇਜ਼ੀ ਨਾਲ ਪਿਘਲਣ ਅਤੇ ਇਸ ਤੋਂ ਇਲਾਵਾ ਮੌਸਮੀ ਬਾਰਿਸ਼ਾਂ ਦੇ ਸਿੱਟੇ ਵਜੋਂ ਇਹ ਪੱਧਰ ਉੱਚਾ ਉਠਣਾ ਸ਼ੁਰੂ ਹੋ ਜਾਂਦਾ ਹੈ | ਏਸੇ ਤਰ੍ਹਾਂ ਬਾਕੀ ਡੈਮਾਂ ਨੂੰ ਲੋੜੀਂਦਾ ਖਾਲੀ ਕਰਨਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਪਿਛਲੇ 8 ਮਹੀਨਿਆਂ ਅੰਦਰ ਦਰਿਆਵਾਂ ਅੰਦਰ ਔਸਤ ਦੇ ਅਧਾਰ 'ਤੇ ਲੋੜੀਂਦਾ ਪਾਣੀ ਨਾ ਛੱਡੇ ਜਾਣ ਕਰਕੇ ਇਸ ਵਰ੍ਹੇ ਪੰਜਾਬ 'ਚ ਹੜ੍ਹਾਂ ਦਾ ਸੰਭਾਵਿਤ ਖਤਰਾ 2025 ਤੋਂ ਵੀ ਵਧੇਰੇ ਜ਼ਿਆਦਾ ਹੈ | ਸੋ 8 ਮਹੀਨੇ ਔਸਤ ਦੇ ਆਧਾਰ 'ਤੇ ਬਣਦੀ ਪਾਣੀ ਦੀ ਮਾਤਰਾ ਨਾ ਛੱਡੇ ਜਾਣਾ ਬੇਹੱਦ ਗੰਭੀਰ ਗੁਨਾਹ ਹੈ, ਜਿਸ ਦੇ ਸਿੱਟੇ ਵਜੋਂ ਭਾਰੀ ਹੜ੍ਹਾਂ ਦਾ ਖਤਰਾ ਸਿਰ 'ਤੇ ਕੂਕ ਰਿਹਾ ਹੈ, ਜਿਸ ਦੀ ਜ਼ਿੰਮੇਵਾਰੀ ਮੁੱਖ ਤੌਰ 'ਤੇ ਕੇਂਦਰੀ ਹਕੂਮਤ ਦੀ ਅਗਵਾਈ ਵਾਲੀ ਬੀ.ਬੀ.ਐੱਮ.ਬੀ. ਮੈਨੇਜਮੈਂਟ ਤੇ ਦੂਜੇ ਨੰਬਰ 'ਤੇ ਢੁਕਵੀਂ ਨਿਗਰਾਨੀ ਨਾ ਕਰਨ ਵਾਲੀ ਪੰਜਾਬ ਸਰਕਾਰ ਸਿਰ ਹੋਵੇਗੀ | ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਪਿਛਲੇ ਵਰ੍ਹੇ ਦੇ ਹੜ੍ਹਾਂ ਦੌਰਾਨ ਵਾਹੀਯੋਗ ਜ਼ਮੀਨ, ਫਸਲ, ਪਸ਼ੂਆਂ ਦਾ ਵੱਡੀ ਤਾਆਦ ਨੁਕਸਾਨ ਹੋਇਆ, ਪਰ ਸਰਕਾਰਾਂ ਨੇ ਕਿਸਾਨ, ਖੇਤ ਮਜਦੂਰ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ | ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਜ਼ਿਲ੍ਹਾ ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਜਥੇਦਾਰ ਗੁਰਮੇਲ ਸਿੰਘ ਢੱਟ, ਰਣਜੀਤ ਸਿੰਘ ਗੁੜੇ ਨੇ ਮੰਗ ਕੀਤੀ ਕਿ ਦੋਨੋਂ ਸਰਕਾਰਾਂ ਬੀ.ਬੀ.ਐੱਮ.ਬੀ. ਤੋਂ ਯਕੀਨੀ ਬਣਾਉਣ ਕਿ ਤੁਰੰਤ ਵਾਧੂ ਪਾਣੀ ਦਰਿਆਵਾਂ ਅਤੇ ਨਹਿਰਾਂ 'ਚ ਔਸਤ ਪੂਰੀ ਮਾਤਰਾ 'ਚ ਛੱਡਿਆ ਜਾਵੇ ਤਾਂ ਜੋ ਪੰਜਾਬ ਸੰਭਾਵੀ ਹੜ੍ਹਾਂ ਦੀ ਮਾਰ ਤੋਂ ਬਚ ਸਕੇ |