ਮੁੱਲਾਂਪੁਰ-ਦਾਖਾ, 19 ਜੂਨ (ਨਿਰਮਲ ਸਿੰਘ ਧਾਲੀਵਾਲ)-ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜਨ (ਐੱਸ.ਆਈ.ਆਰ) ਪ੍ਰਕਿਰਿਆ ਦੀ ਆੜ ‘ਚ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਘੱਟ ਗਿਣਤੀਆਂ, ਦਲਿਤਾਂ ਅਤੇ ਆਪਣੇ ਵਿਰੋਧੀਆਂ ਨੂੰ ਵੋਟਰ ਸੂਚੀਆਂ ‘ਚੋਂ ਬਾਹਰ ਕਰ ਸਕਦੀ ਹੈ, ਐੱਸ.ਆਈ.ਆਰ ਪ੍ਰਕਿਰਿਆ ਦੌਰਾਨ ਹਰ ਇਕ ਨੂੰ ਧਿਆਨ ਦੇਣਾ ਪਵੇਗਾ ਤਾਂ ਜੋ ਸਾਡਾ ਲੋਕਤੰਤਰ ਖ਼ਤਰੇ ‘ਚ ਨਾ ਚਲਾ ਜਾਵੇ, ਇਹ ਪ੍ਰਗਟਾਵਾ ਸੀ.ਪੀ.ਆਈ (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕੀਤਾ। ਸੇਖੋਂ ਨੇ ਕਿਹਾ ਕਿ ਬੀ.ਜੇ.ਪੀ ਵਲੋਂ ਪੰਜਾਬ ‘ਚ ਵੀ ਚੋਣ ਕਮਿਸ਼ਨ ਦੀ ਵਰਤੋਂ ਕਰਕੇ ਐੱਸ.ਆਈ.ਆਰ. ਪ੍ਰਕਿਰਿਆ 25 ਜੂਨ ਤੋਂ ਸ਼ੁਰੂ ਹੋਵੇਗੀ, ਚੋਣ ਕਮਿਸ਼ਨ ਨੂੰ ਵੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਇਹ ਪ੍ਰਕਿਰਿਆ ਪੂਰੀ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਐੱਸ.ਆਈ.ਆਰ. ਰਾਹੀਂ ਵੋਟਰ ਸੂਚੀਆਂ ਦੀ ਸੁਧਾਈ ਨਹੀਂ ਕੀਤੀ ਜਾ ਰਹੀ ਹੈ, ਬਲਕਿ ਚੋਣ ਕਮਿਸ਼ਨ ਵਲੋਂ ਭਾਜਪਾ ਲਈ ਵੱਖ-ਵੱਖ ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ ਹੋਮਵਰਕ ਕੀਤਾ ਜਾ ਰਿਹਾ ਹੈ। ਸੁਖਵਿੰਦਰ ਸਿੰਘ ਸੇਖੋਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਆਪਣੇ ਜਮਹੂਰੀ ਹੱਕਾਂ ਦੀ ਵਰਤੋਂ ਕਰਕੇ ਵੋਟਰ ਸੂਚੀਆਂ ਦੀ ਦਰੁਸਤੀ ਲਈ ਆਏ ਮੁਲਾਜ਼ਮਾਂ ਤੋਂ ਤਸੱਲੀ ਕਰਵਾਈ ਜਾਵੇ।
ਸੱਤਾ ਹਾਸਿਲ ਲਈ ਐੱਸ.ਆਈ.ਆਰ. ਭਾਜਪਾ ਦੀ ਚਾਲ-ਸੇਖੋਂ
ਅਜੀਤ ਡੈਸਕ
20-06-2026