ਜਗਰਾਉਂ, 20 ਜੂਨ ( ਸ਼ਮਸ਼ੇਰ ਸਿੰਘ ਗਾਲਿਬ): ਪਿੰਡ ਅਖਾੜਾ ਵਿੱਚ ਪੰਜਾਬ ਸਰਕਾਰ ਦੀ ਲੋਕ ਭਲਾਈ ਯੋਜਨਾ ‘ਮੇਰੀ ਰਸੋਈ ਸਕੀਮ’ ਤਹਿਤ ਲੋੜਵੰਦ ਪਰਿਵਾਰਾਂ ਨੂੰ ਵੱਡੀ ਰਾਹਤ ਦਿੰਦਿਆਂ 500 ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਪਿੰਡ ਦੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਪੰਚ ਪ੍ਰਿਤਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਯਤਨਾਂ ਸਦਕਾ ਜਗਰਾਉਂ ਹਲਕੇ ‘ਚ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਦੀ ਅਗਵਾਈ ਹੇਠ ਪਿੰਡਾਂ ਦੇ ਲੋੜਵੰਦ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ ਗਰੀਬ ਪਰਿਵਾਰਾਂ ਨੂੰ ਰੋਜ਼ਾਨਾ ਦੀਆਂ ਜ਼ਰੂਰੀ ਖਾਦ ਸਮੱਗਰੀਆਂ ਪ੍ਰਾਪਤ ਹੋ ਰਹੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਕਾਫੀ ਸਹੂਲਤ ਮਿਲੇਗੀ ਅਤੇ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਹੋਰ ਸੁਚੱਜੇ ਢੰਗ ਨਾਲ ਕਰ ਸਕਣਗੇ। ਇਸ ਮੌਕੇ ਡੀਪੂ ਮਾਲਕ ਕੰਵਰਪਾਲ ਸਿੰਘ ਨੇ ਕਿਹਾ ਕਿ ਰਾਸ਼ਨ ਕਿੱਟਾਂ ਦੀ ਵੰਡ ਦੌਰਾਨ ਪੂਰੀ ਪਾਰਦਰਸ਼ਤਾ ਰੱਖੀ ਜਾਵੇਗੀ ਅਤੇ ਕਿਸੇ ਵੀ ਲੋੜਵੰਦ ਨਾਲ ਕਿਸੇ ਕਿਸਮ ਦੀ ਵਿਤਕਰੇਬਾਜ਼ੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰੀਆਂ ਤੱਕ ਸਰਕਾਰੀ ਸਹਾਇਤਾ ਇਮਾਨਦਾਰੀ ਨਾਲ ਪਹੁੰਚਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਪਿੰਡ ਵਾਸੀਆਂ ਨੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।