ਜਗਰਾਉਂ, 29 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪਿੰਡ ਸ਼ੇਰਪੁਰ ਕਲਾਂ ਇਕਾਈ ਦੀ ਮੀਟਿੰਗ ਇਕਾਈ ਪ੍ਰਧਾਨ ਬਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਅਤੇ ਸ਼ੇਰਪੁਰ ਖੁਰਦ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਦੀ ਪ੍ਰਧਾਨਗੀ ਹੇਠ ਕਿਸਾਨਾਂ ਦੀ ਮੀਟਿੰਗ ਹੋਈ। ਮੀਟਿੰਗ ’ਚ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਜਗਨਨਾਥ ਸੰਘਰਾਓ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਕਾਈ ਸ਼ੇਰਪੁਰ ਕਲਾਂ ਦੀ ਮੀਟਿੰਗ ਵਿਚ ਸਭ ਤੋਂ ਪਹਿਲਾਂ ਪਿੰਡ ਸ਼ੇਰਪੁਰ ਕਲਾਂ ਦੇ ਜੰਮਪਲ ਗ਼ਦਰੀ ਸ਼ਹੀਦ ਹਾਫ਼ਿਜ਼ ਅੱਬਦੁੱਲਾ ਜਗਰਾਉਂ ਅਤੇ ਬਾਬੂ ਅਮਰ ਸਿੰਘ ਸਹੌਲੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸਮੇਂ ਆਗੂਆਂ ਨੇ ਦੋਵਾਂ ਪਿੰਡਾਂ ’ਚ ਕਿਸਾਨਾਂ ਨੂੰ ਚਾਰ ਜੁਲਾਈ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕੀਤੇ ਜਾ ਰਹੇ ਵਿਸ਼ਾਲ ਰੋਸ ਪ੍ਰਦਰਸ਼ਨ ’ਚ ਪੁੱਜਣ ਦਾ ਸੱਦਾ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀ ਮੋਦੀ ਹਕੂਮਤ ਵਲੋਂ ਅਮਰੀਕਾ ਸਰਕਾਰ ਨਾਲ ਕੀਤਾ ਜਾ ਰਿਹਾ ਮੁਕਤ ਵਪਾਰ ਸਮਝੌਤਾ ਦੇਸ਼ ਦੀ ਜਨਤਾ ਲਈ ਵਿਸ਼ੇਸ਼ ਕਰ ਕਿਸਾਨਾਂ ਮਜ਼ਦੂਰਾਂ ਲਈ ਗੁਲਾਮੀ ਦਾ ਦਸਤਾਵੇਜ਼ ਹੈ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੀ ਵਿਦੇਸ਼ੀ ਪੈਦਾਵਾਰ ਦੀ ਆਮਦ ਤੇ ਜ਼ੀਰੋ ਟੈਰਿਫ ਮੰਨ ਕੇ ਦੇਸ਼ ਦੀ ਸਮੁੱਚੀ ਮੰਡੀ ਵੱਡੇ ਸਾਮਰਾਜੀ ਕਾਰਪੋਰੇਟਾਂ ਦੇ ਹਵਾਲੇ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਰੋਸ ਪ੍ਰਦਰਸ਼ਨ ਰਾਹੀਂ ਮੋਦੀ ਸਰਕਾਰ ਨੂੰ ਅਮਰੀਕਾ ਵਲੋਂ ਇਰਾਕ ’ਤੇ ਠੋਸੀ ਨਿੱਹਕੀ ਜੰਗ ਖਿਲਾਫ ਆਵਾਜ ਉਠਾਉਣ, ਤੇਲ, ਡੀਜ਼ਲ, ਗੈਸ ਦੇ ਰੇਟਾਂ ’ਚ ਵਾਧਾ ਵਾਪਸ ਲੈਣ, ਕਿਸਾਨੀ ਫਸਲਾਂ ਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਵਾਜਿਬ ਮੁੱਲ ਦੇਣ, ਵੱਡੇ ਪੂੰਜੀਪਤੀ ਘਰਾਣਿਆਂ ਤੇ ਭਾਰੀ ਟੈਕਸ ਲਗਾ ਕੇ ਦੇਸ਼ ’ਚ ਬਰਾਬਰਤਾ ਅਧਾਰਿਤ ਵਿਕਾਸ ਕਰਨ , ਬਿਜਲੀ ਦੇ ਕੱਟ ਖ਼ਤਮ ਕਰਨ, ਹੜ ਪੀੜਤ ਅਤੇ ਗੜੇਮਾਰੀ ਦਾ ਮੁਆਵਜ਼ਾ ਹਾਸਲ ਕਰਨ , ਬੀਜ ਐਕਟ ਅਤੇ ਬਿਜਲੀ ਐਕਟ ਰੱਦ ਕਰਨ ਲਈ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੋਹਾਂ ਪਿੰਡਾਂ ਨੇ ਪੂਰੇ ਜ਼ੋਰ ਨਾਲ ਪ੍ਰਦਰਸ਼ਨ ’ਚ ਭਾਗ ਲੈਣ ਦਾ ਵਿਸ਼ਵਾਸ ਦਿਵਾਇਆ। ਇਸ ਸਮੇਂ ਜਗਵਿੰਦਰ ਸਿੰਘ ਤੂਰ, ਗੁਰਸੇਵਕ ਸਿੰਘ, ਮਨਜੀਤ ਸਿੰਘ, ਜਗਜੀਤ ਸਿੰਘ, ਗੁਰਵਿੰਦਰ ਸਿੰਘ, ਕੁਲਵੰਤ ਸਿੰਘ ਗਾਲਿਬ ਆਦਿ ਹਾਜ਼ਰ ਸਨ।