ਰਾਏਕੋਟ, 9 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਨਗਰ ਕੌਂਸਲ ਰਾਏਕੋਟ ਦੇ ਕੱਚੇ ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਖ਼ਿਲਾਫ਼ 8 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਕੰਮ-ਛੋੜ ਹੜਤਾਲ ਨਗਰ ਕੌਂਸਲ ਰਾਏਕੋਟ ਵਿਖੇ ਦਵਿੰਦਰ ਗਿੱਲ ਬੌਬੀ ਪ੍ਰਧਾਨ ਸਫ਼ਾਈ ਯੂਨੀਅਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਹੈ। ਅੱਜ ਹੜਤਾਲ ਦੇ ਦੂਸਰੇ ਦਿਨ ਵੀ ਸਫ਼ਾਈ ਸੇਵਕਾਂ ਵੱਲੋਂ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕੰਮ-ਛੋੜ ਹੜਤਾਲ ਨੂੰ ਜਾਰੀ ਰੱਖਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਸਾਡੀ ਜਥੇਬੰਦੀ ਸੂਬੇ ਦੇ ਸਮੂਹ ਮਿਊਂਸਪਲ ਕਮੇਟੀਆਂ ਦੇ ਮੁਲਾਜ਼ਮਾਂ ਦੀਆਂ ਪੈਡਿੰਗ ਪਈਆਂ ਹੱਕੀਂ ਮੰਗਾਂ ਦੀ ਪੂਰਤੀ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ। ਅੱਜ ਤੱਕ ਸਰਕਾਰ ਨਾਲ ਹੋਈਆਂ ਮੀਟਿੰਗਾਂ ਵਿੱਚ ਸਰਕਾਰ ਨੂੰ ਮੰਗਾਂ ਬਾਰੇ ਜਾਣੂੰ ਕਰਵਾਇਆ ਜਾਂਦਾ ਰਿਹਾ ਹੈ ਪ੍ਰੰਤੂ ਸਾਢੇ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਸਰਕਾਰ ਦਾ ਮੰਗਾਂ ਪ੍ਰਤੀ ਜਵਾਬ ਨਾਂਹ-ਪੱਖੀ ਹੀ ਰਿਹਾ ਹੈ। ਜਿਸ ਦੇ ਰੋਸ ਵਜੋਂ ਸੂਬੇ ਦੇ ਸਮੁੱਚੇ ਮਿਊਂਸਪਲ ਮੁਲਾਜ਼ਮ ਸਫ਼ਾਈ ਸੇਵਕਾਂ, ਸੀਵਰਮੈਨਾਂ ਵੱਲੋਂ 08 ਜੁਲਾਈ ਤੋਂ ਲਗਾਤਾਰ ਅਣਮਿੱਥੇ ਸਮੇਂ ਲਈ ਸੂਬਾ ਪੱਧਰ ’ਤੇ ਕੰਮ ਛੋੜ ਹੜਤਾਲ ਸ਼ੁਰੂ ਕੀਤੀ ਗਈ ਹੈ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਚੋਣਾਂ ਦੌਰਾਨ ਮੁਲਾਜ਼ਮਾਂ ਨਾਲ ਕੋਝਾ ਮਜਾਕ ਕਰਦਿਆਂ ਵੋਟਾਂ ਵਟੋਰਨ ਦੇ ਚੱਕਰ ਵਿੱਚ ਸਾਰੀਆਂ ਮੰਗਾਂ ਨੂੰ ਜਲਦ ਲਾਗੂ ਕਰਨ ਦਾ ਭਰੋਸਾ ਦੇ ਕੇ ਉਨ੍ਹਾਂ ਦੇ ਸੰਘਰਸ਼ ਨੂੰ ਸਮਾਪਤ ਕਰਵਾ ਦਿੱਤਾ ਸੀ, ਜਦਕਿ ਵੋਟਾਂ ਦੇ ਬਾਅਦ ਯੂ-ਟਰਨ ਵਾਲੀ ਸਰਕਾਰ ਨੇ ਇੰਨ੍ਹਾਂ ਮੰਗਾਂ ਨੂੰ ਲਾਗੂ ਕਰਨ ਤੋਂ ਪਾਸਾ ਵੱਟ ਲਿਆ ਹੈ। ਉਨ੍ਹਾਂ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੰਦਿਆ ਕਿਹਾ ਕਿ ਸਰਕਾਰ ਜਲਦ ਉਨ੍ਹਾਂ ਦੀਆਂ ਹੱਕੀਂ ਮੰਗਾਂ ਨੂੰ ਮੰਨ ਕੇ ਲਾਗੂ ਕਰੇ, ਨਹੀਂ ਉਹ ਸਰਕਾਰ ਖਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਇਸ ਮੌਕੇ ਮਿੰਟੂ ਨਾਹਰ ਪ੍ਰਧਾਨ ਭਾਵਾਧਸ, ਧਰਮਵੀਰ ਨਾਹਰ, ਰਾਜਾ ਗਿੱਲ, ਲਲਿਤ ਘਾਰੂ, ਰਵੀ ਭੰਗਾਣੀ, ਅਵਤਾਰ ਸਿੰਘ ਪੰਪ ਅਪ੍ਰੇਟਰ, ਮੱਖਣ ਨਾਹਰ, ਬਾਲ ਕ੍ਰਿਸ਼ਨ, ਸਾਹਿਲ ਸਹੋਤਾ, ਅੰਕੁਸ਼ ਸਹੋਤਾ, ਮਨਿੰਦਰ ਸਿੰਘ, ਸੁਮਨਦੀਪ ਕੌਰ ਕੰਪਿਊਟਰ ਅਪ੍ਰੇਟਰ, ਰਜਿੰਦਰ ਨਾਹਰ, ਰੁਪਿੰਦਰ ਸਿੰਘ, ਸੋਭਾ, ਨਿਸ਼ਾ, ਲਖਵੀਰ ਸਿੰਘ, ਆਸ਼ਾ ਰਾਣੀ, ਬਿਮਲਾ, ਸਪਨਾ, ਪੱਪੂ ਚੌਧਰੀ, ਰਾਜਿੰਦਰ ਕੁਮਾਰ ਸੁੱਖਾ, ਅਜੇ ਕੁਮਾਰ, ਸੁਮਨ ਰਾਣੀ, ਮੀਤਾ, ਜੋਤੀ ਸੇਵਾਦਾਰ, ਰਾਕੇਸ਼ ਕੁਮਾਰ, ਕਲਮਦੀਪ, ਰਾਮੇਸ਼ ਕੁਮਾਰ, ਰਾਜ ਕੁਮਾਰ ਰਾਜੂ, ਬਿੰਦਰ ਡਰਾਈਵਰ, ਪਰਮਿੰਦਰ ਸਿੰਘ ਡਰਾਈਵਰ, ਕੁਲਵੰਤ ਕੁਮਾਰ ਡਰਾਈਵਰ, ਸੱਤਿਆ, ਸਾਹਿਲ, ਮੋਨਾ, ਰਜਿੰਦਰ ਸਿੰਘ, ਮੋਹਿਤ, ਸੁਮਨ, ਸੋਮਾ, ਸਿੰਮੀ, ਮੰਗਾ, ਰਾਜੇਸ਼ ਸਹੋਤਾ, ਪਰਮਿੰਦਰ ਕੌਰ, ਪ੍ਰਵੀਨ, ਭੋਲੀ, ਸੁਮਨਦੀਪ ਸਿੰਘ, ਰਜਨੀ, ਸਰੋਜ, ਬਿਮਲਾ, ਕਰਮਜੀਤ ਸਿੰਘ, ਦਲਜੀਤ ਗੋਰਾ, ਜਸਮੇਲ ਸਿੰਘ, ਸਾਹਿਲ ਧਾਲੀਵਾਲ ਆਦਿ ਹਾਜ਼ਰ ਸਨ।