ਪੱਟੀ, 12 ਜੁਲਾਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)– 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਪੱਟੀ ਦੀ ਸਿਆਸਤ ਵਿਚ ਉਸ ਵੇਲੇ ਨਵਾਂ ਮੋੜ ਵੇਖਣ ਨੂੰ ਮਿਲਿਆ ਜਦੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਮਾਹੀ ਪੈਲੇਸ ਵਿਖੇ ਹਰਪ੍ਰੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਕਰਵਾਏ ਗਏ ਮਝੈਲ ਇਕੱਠ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਸ਼ਮੂਲੀਅਤ ਰਹੀ। ਸਮਾਗਮ ਦੌਰਾਨ ਆਗੂਆਂ ਨੇ ਪੰਜਾਬ ਦੇ ਹੱਕਾਂ, ਸਿੱਖ ਇਤਿਹਾਸ, ਖੇਤੀਬਾੜੀ, ਨੌਜਵਾਨਾਂ, ਵਾਤਾਵਰਨ ਅਤੇ ਸੂਬੇ ਦੀ ਮੌਜੂਦਾ ਸਿਆਸੀ ਸਥਿਤੀ ਨਾਲ ਜੁੜੇ ਮੁੱਦੇ ਉਠਾਏ । ਇਕੱਠ ਦੌਰਾਨ ਬੁਲਾਰਿਆਂ ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਉਨ੍ਹਾਂ ਵਲੋਂ ਮਨੁੱਖੀ ਅਧਿਕਾਰਾਂ ਦੇ ਮੁੱਦੇ ਉਠਾਉਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਯਾਦ ਅੱਜ ਵੀ ਪੰਜਾਬ ਦੇ ਇਤਿਹਾਸ ਦਾ ਇਕ ਮਹੱਤਵਪੂਰਨ ਅਧਿਆਇ ਹੈ। ਬੁਲਾਰਿਆਂ ਨੇ ਇਹ ਵੀ ਕਿਹਾ ਕਿ ਭਾਈ ਖਾਲੜਾ ਦੇ ਜੀਵਨ ‘ਤੇ ਆਧਾਰਿਤ ਬਣੀ ਫ਼ਿਲਮ ‘ਸਤਲੁਜ’ ਨੂੰ ਲੈ ਕੇ ਚੱਲ ਰਹੀ ਚਰਚਾ ਨੇ ਵੀ ਲੋਕਾਂ ਵਿਚ ਇਸ ਵਿਸ਼ੇ ਪ੍ਰਤੀ ਰੁਚੀ ਪੈਦਾ ਕੀਤੀ ਹੈ। ਭਾਈ ਹਰਪ੍ਰੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਹੋਏ ਇਸ ਇਕੱਠ ਵਿਚ ਬਾਪੂ ਤਰਸੇਮ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਲੱਖਾ ਸਿਧਾਣਾ, ਭਾਨਾ ਸਿੱਧੂ, ਪਰਮਜੀਤ ਸਿੰਘ ਜੌਹਲ, ਗੁਰਸ਼ਰਨ ਸਿੰਘ ਰਿਆੜ, ਅਮਰਜੀਤ ਸਿੰਘ ਵੰਚ ਝਿੜੀ, ਜੁਗਰਾਜ ਸਿੰਘ, ਹਰਭਜਨ ਸਿੰਘ ਤੁੜ, ਅਰਜਿੰਦਰ ਸਿੰਘ ਤਲਵੰਡੀ ਸਮੇਤ ਹੋਰ ਆਗੂਆਂ ਨੇ ਸੰਬੋਧਨਾਂ ਦੌਰਾਨ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਦੇਸ਼ ਦੀ ਆਜ਼ਾਦੀ ਅਤੇ ਦੇਸ਼ ਦੀ ਸੁਰੱਖਿਆ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ, ਪਰ ਉਨ੍ਹਾਂ ਦੇ ਅਨੁਸਾਰ ਆਜ਼ਾਦੀ ਤੋਂ ਬਾਅਦ ਪੰਜਾਬ ਨਾਲ ਕਈ ਮੁੱਦਿਆਂ ‘ਤੇ ਇਨਸਾਫ਼ ਨਹੀਂ ਹੋਇਆ। ਉਨ੍ਹਾਂ ਨੇ ਚੰਡੀਗੜ੍ਹ, ਦਰਿਆਈ ਪਾਣੀਆਂ, ਐਸ.ਵਾਈ.ਐਲ., ਖੇਤੀਬਾੜੀ, ਪੰਜਾਬੀ ਭਾਸ਼ਾ ਅਤੇ ਸੂਬੇ ਦੇ ਅਧਿਕਾਰਾਂ ਨਾਲ ਜੁੜੇ ਮਸਲੇ ਉਠਾਉਂਦਿਆਂ ਵੱਖ-ਵੱਖ ਸਰਕਾਰਾਂ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ। ਆਗੂਆਂ ਨੇ 1980 ਅਤੇ 1990 ਦੇ ਦਹਾਕੇ ਦੌਰਾਨ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਦੌਰ ਦੀ ਸੱਚਾਈ ਸਾਹਮਣੇ ਲਿਆਉਣ ਲਈ ਭਾਈ ਜਸਵੰਤ ਸਿੰਘ ਖਾਲੜਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਦੋਸ਼ ਲਾਇਆ ਕਿ ਉਸ ਸਮੇਂ ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਪਿਆਰਿਆਂ ਨੂੰ ਗੁਆਇਆ ਅਤੇ ਮਨੁੱਖੀ ਅਧਿਕਾਰਾਂ ਦੇ ਗੰਭੀਰ ਸਵਾਲ ਉੱਠੇ। ਇਸ ਮੌਕੇ ਬੁਲਾਰਿਆਂ ਨੇ ਮੌਜੂਦਾ ਸਮੇਂ ਵਿਚ ਪੰਜਾਬ ਸਾਹਮਣੇ ਖੜ੍ਹੀਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਨੌਜਵਾਨਾਂ ਦੇ ਭਵਿੱਖ, ਨਸ਼ਿਆਂ, ਪ੍ਰਵਾਸ, ਵਾਤਾਵਰਨ ਪ੍ਰਦੂਸ਼ਣ, ਉਦਯੋਗਿਕ ਇਕਾਈਆਂ ਤੋਂ ਨਿਕਲਦੇ ਗੰਦੇ ਪਾਣੀ, ਖੇਤੀਬਾੜੀ ਜ਼ਮੀਨਾਂ ਦੀ ਸੁਰੱਖਿਆ ਅਤੇ ਪੰਜਾਬੀ ਭਾਸ਼ਾ ਦੀ ਸੰਭਾਲ ਨੂੰ ਅਹਿਮ ਮੁੱਦੇ ਦੱਸਿਆ। ਉਨ੍ਹਾਂ ਨੇ ਲੋਕਾਂ ਨੂੰ ਪੰਜਾਬ ਦੇ ਹਿੱਤਾਂ ਲਈ ਇੱਕਜੁੱਟ ਹੋਣ ਦਾ ਸੱਦਾ ਵੀ ਦਿੱਤਾ। ਬੁਲਾਰਿਆਂ ਨੇ ਮੌਜੂਦਾ ਸਰਕਾਰ ਦੀਆਂ ਕੁਝ ਨੀਤੀਆਂ, ਜ਼ਮੀਨ ਐਕਵਾਇਰ ਕਰਨ ਦੀਆਂ ਕੋਸ਼ਿਸ਼ਾਂ ਅਤੇ ਵੋਟਰ ਸੂਚੀਆਂ ਨਾਲ ਸੰਬੰਧਤ ਮੁੱਦਿਆਂ ‘ਤੇ ਵੀ ਆਪਣਾ ਪੱਖ ਰੱਖਿਆ। ਸਮਾਗਮ ਦੌਰਾਨ ਮੌਜੂਦ ਲੋਕਾਂ ਵਲੋਂ ਨਾਅਰੇਬਾਜ਼ੀ ਅਤੇ ਜੈਕਾਰਿਆਂ ਰਾਹੀਂ ਆਗੂਆਂ ਦਾ ਸਵਾਗਤ ਕੀਤਾ ਗਿਆ। ਵੱਡੀ ਗਿਣਤੀ ਵਿਚ ਨੌਜਵਾਨਾਂ ਅਤੇ ਔਰਤਾਂ ਦੀ ਮੌਜੂਦਗੀ ਨੇ ਸਮਾਗਮ ਨੂੰ ਵਿਸ਼ੇਸ਼ ਬਣਾਇਆ। ਸਥਾਨਕ ਸਿਆਸੀ ਹਲਕਿਆਂ ਵਿਚ ਇਸ ਇਕੱਠ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੱਟੀ ਹਲਕੇ ਦੀ ਸਿਆਸਤ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਰਵਾਇਤੀ ਸਿਆਸੀ ਧਿਰਾਂ ਤੋਂ ਇਲਾਵਾ ਨਵੇਂ ਸਿਆਸੀ ਸਮੀਕਰਨ ਉਭਰ ਰਹੇ ਹਨ ਅਤੇ ਪੱਟੀ ਵਰਗੇ ਸਰਹੱਦੀ ਹਲਕਿਆਂ ਵਿਚ ਹੋ ਰਹੇ ਵੱਡੇ ਇਕੱਠ ਆਉਣ ਵਾਲੀਆਂ ਚੋਣਾਂ ਵਿਚ ਵੋਟਰਾਂ ਦੇ ਰੁਝਾਨ ਦਾ ਸੰਕੇਤ ਵੀ ਹੋ ਸਕਦੇ ਹਨ। ਸਮਾਗਮ ਦੇ ਅੰਤ ਵਿਚ ਭਾਈ ਹਰਪ੍ਰੀਤ ਸਿੰਘ ਖਾਲਸਾ ਨੇ ਪੱਟੀ ਹਲਕੇ ਦੇ ਸਮੂਹ ਮਝੈਲਾਂ, ਨੌਜਵਾਨਾਂ, ਬੀਬੀਆਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵਲੋਂ ਦਿੱਤਾ ਗਿਆ ਸਹਿਯੋਗ ਪੰਜਾਬ ਦੇ ਮੁੱਦਿਆਂ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਮਜ਼ਬੂਤੀ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਪਾਰਟੀ ਆਉਣ ਵਾਲੇ ਸਮੇਂ ਵਿਚ ਵੀ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਾਂਗੇ।