ਮੁੱਲਾਂਪੁਰ-ਦਾਖਾ, 15 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਮਿਊਂਸੀਪਲ ਮੁਲਾਜ਼ਮ, ਸਫ਼ਾਈ ਸੇਵਕ, ਸੀਵਰਮੈਨਾਂ ਦੀਆਂ ਮੰਗਾਂ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖ਼ਿਲਾਫ਼ ਨਗਰ ਕੌਂਸਲ ਮੰਡੀ ਮੁੱਲਾਂਪੁਰ ਦਾਖਾ ਦੇ ਸਫ਼ਾਈ ਸੇਵਕ, ਸੀਵਰਮੈਨ ਅਣਮਿਥੇ ਸਮੇਂ ਲਈ ਹੜਤਾਲ ’ਤੇ ਚੱਲ ਰਹੇ ਹਨ, ਵਲੋਂ ਅੱਜ ਮੰਡੀ ਮੁੱਲਾਂਪੁਰ ਸ਼ਹਿਰ ’ਚ ਰੋਸ ਮਾਰਚ ਕੱਢਿਆ ਗਿਆ। ਸਫ਼ਾਈ ਸੇਵਕਾਂ ਦੀ ਅਗਵਾਈ ਕਰ ਰਹੇ ਅਸ਼ੋਕ ਕੁਮਾਰ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਹੱਕੀ ਮੰਗਾਂ ਲਈ ਹੜਤਾਲ ’ਤੇ ਉਦੋਂ ਆਏ, ਜਦ ਸਰਕਾਰ ਨੇ ਪਿਛਲੇ 4 ਵਰ੍ਹੇ ਸਾਡੀ ਇਕ ਨਾ ਸੁਣੀ। ਉਨ੍ਹਾਂ ਦੱਸਿਆ ਕਿ ਕੱਚੇ ਸਫ਼ਾਈ ਸੇਵਕਾਂ ਨੂੰ ਪੰਜਾਬ ਸਰਕਾਰ ਪੱਕਿਆਂ ਨਹੀਂ ਕਰ ਰਹੀ, ਨਾ ਹੀ 6ਵੇਂ ਪੇਅ ਕਮਿਸ਼ਨ ਵਿਚ ਬੰਦ ਕੀਤੇ ਭੱਤੇ ਏ.ਸੀ.ਪੀ ਸਕੀਮ ਤਹਿਤ ਮੁੜ ਬਹਾਲ ਹੋ ਰਹੇ। ਉਨ੍ਹਾਂ ਦੱਸਿਆ ਕਿ ਸਾਡੀ ਸਫ਼ਾਈ ਸੇਵਕ, ਸੀਵਰਮੈਨ ਯੂਨੀਅਨ ਦੇ ਧਰਨੇ ’ਤੇ ਬੈਠੇ ਸਮੁੱਚੇ ਕਾਮਿਆਂ ਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ। ਮੁਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਪੰਜਾਬ ਸਿੰਘ, ਰਾਜੂ, ਅੰਮ੍ਰਿਤਪਾਲ, ਵਿੱਕੀ ਕੁਮਾਰ, ਸਤੀਸ਼ ਕੁਮਾਰ, ਧਰਮਿੰਦਰ, ਪਿੰਕੀ, ਮਨੋਜ ਕੁਮਾਰ, ਉਰਮਿਲਾ, ਸੁਮਨ, ਰੇਖਾ, ਸੰਤੋਸ਼, ਸੁਨੀਤਾ, ਜੈਵੀਰ ਵਲੋਂ ਹੋਰ ਮਹਿਲਾ-ਮਰਦ ਸਫਾਈ ਸੇਵਕ ਕਾਮਿਆਂ ਨਾਲ ਰਲ ਕੇ ਰੋਸ ਮਾਰਚ ਦੌਰਾਨ ਪੰਜਾਬ ਸਰਕਾਰ, ਸਥਾਨਕ ਸਰਕਾਰਾਂ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟਾਇਆ।